Weather Updates: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ; ਚੰਡੀਗੜ੍ਹ ਵਿੱਚ ਇੱਕ ਦਹਾਕੇ ਦਾ ਸਭ ਤੋਂ ਗਰਮ ਦਿਨ
ਉੱਤਰੀ ਖੇਤਰ ਵਿੱਚ ਲੂ (ਹੀਟਵੇਵ) ਦਾ ਕਹਿਰ ਵਧ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਗਰਮੀ ਦੇ ‘ਯੈਲੋ’ ਅਲਰਟ ਨੂੰ ਬਦਲ ਕੇ ਓਰੈਂਜ ਅਲਰਟ ਐਲਾਨ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਹੁਣ ਲੋਕਾਂ ਨੂੰ ਗਰਮੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਐਤਵਾਰ ਤੱਕ ਬਹੁਤ ਜ਼ਿਆਦਾ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਇੱਕ ਹਫ਼ਤੇ ਤੱਕ ਕਿਧਰੇ ਵੀ ਮੀਂਹ, ਹਨੇਰੀ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ।
ਮੰਗਲਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 4.3 ਡਿਗਰੀ ਜ਼ਿਆਦਾ ਹੈ। ਇਹ ਤਾਪਮਾਨ ਪਿਛਲੇ 14 ਸਾਲਾਂ ਵਿੱਚੋਂ 7 ਸਾਲਾਂ ਦੇ ਪੂਰੇ ਮਈ ਮਹੀਨੇ ਦੇ ਸਭ ਤੋਂ ਵੱਧ ਤਾਪਮਾਨ ਨੂੰ ਵੀ ਪਿੱਛੇ ਛੱਡ ਗਿਆ ਹੈ। ਹੁਣ ਰਾਤਾਂ ਵੀ ਠੰਡੀਆਂ ਨਹੀਂ ਰਹੀਆਂ, ਕਿਉਂਕਿ ਘੱਟ ਤਾਪਮਾਨ 25.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਪਿਛਲੀ ਰਾਤ ਨਾਲੋਂ 0.7 ਡਿਗਰੀ ਸੈਲਸੀਅਸ ਵਧਿਆ ਹੈ।
ਓਰੈਂਜ ਹੀਟ ਅਲਰਟ ਦਾ ਮਤਲਬ ਹੈ ਕਿ ਅਤਿ ਦੀ ਲੂ ਦੀ ਸਥਿਤੀ ਘੱਟੋ-ਘੱਟ ਦੋ ਦਿਨ ਜਾਂ ਵੱਖ-ਵੱਖ ਤੀਬਰਤਾ ਨਾਲ ਚਾਰ ਜਾਂ ਵੱਧ ਦਿਨਾਂ ਤੱਕ ਬਣੀ ਰਹਿ ਸਕਦੀ ਹੈ। ਇਸ ਨਾਲ ਸਿਹਤ ਸਬੰਧੀ ਖ਼ਤਰੇ ਬਹੁਤ ਵਧ ਜਾਂਦੇ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿੰਦੇ ਹਨ ਜਾਂ ਭਾਰੀ ਕੰਮ ਕਰਦੇ ਹਨ। ਨਵਜੰਮੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਦਿਲ ਦੇ ਮਰੀਜ਼ਾਂ ਲਈ ਇਹ ਮੌਸਮ ਬਹੁਤ ਖ਼ਤਰਨਾਕ ਹੈ।
ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ 19 ਮਈ ਤੋਂ 25 ਮਈ ਤੱਕ ਇਹ ਸਥਿਤੀ ਬਣੀ ਰਹੇਗੀ। ਪੰਜਾਬ ਦੇ ਦੱਖਣੀ ਅਤੇ ਦੱਖਣੀ-ਪੱਛਮੀ ਜ਼ਿਲ੍ਹਿਆਂ ਅਤੇ ਹਰਿਆਣਾ ਦੇ ਦੱਖਣੀ ਅਤੇ ਪੱਛਮੀ ਜ਼ਿਲ੍ਹਿਆਂ ਵਿੱਚ ਅਗਲੇ ਪੰਜ ਦਿਨਾਂ ਦਰਮਿਆਨ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਮੇਤ ਬਾਕੀ ਹਿੱਸਿਆਂ ਵਿੱਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਰਹੇਗਾ। ਟ੍ਰਾਈਸਿਟੀ (ਚੰਡੀਗੜ੍ਹ, ਮੁਹਾਲੀ, ਪੰਚਕੂਲਾ) ਵਿੱਚ ਬੁੱਧਵਾਰ ਨੂੰ ਤਾਪਮਾਨ 43 ਡਿਗਰੀ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ 44 ਡਿਗਰੀ ਅਤੇ ਐਤਵਾਰ ਨੂੰ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।