Lawrence Of Punjab ਦੇ ਪ੍ਰਸਾਰਣ ’ਤੇ ਰੋਕ; ਦਿੱਲੀ ਹਾਈ ਕੋਰਟ ਵੱਲੋਂ ਬਿਸ਼ਨੋਈ ਦੀ ਪਟੀਸ਼ਨ ਦਾ ਨਿਬੇੜਾ
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ZEE5 ‘ਤੇ ‘ਲਾਰੈਂਸ ਆਫ਼ ਪੰਜਾਬ’ ਡਾਕੂ-ਸੀਰੀਜ਼ ਦੀ ਰਿਲੀਜ਼ ਵਿਰੁੱਧ ਦਾਇਰ ਪਟੀਸ਼ਨ ‘ਤੇ ਸੁਣਵਾਈ ਬੰਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ OTT ਪਲੇਟਫਾਰਮ ਨੂੰ ਇਸ ਸੀਰੀਜ਼ ਨੂੰ ਪ੍ਰਸਾਰਿਤ ਨਾ ਕਰਨ ਦੀ ਦਿੱਤੀ ਗਈ ਸਲਾਹ (Advisory) ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਕੁਝ ਵੀ ਬਾਕੀ ਨਹੀਂ ਬਚਿਆ ਹੈ।
ਜਸਟਿਸ ਪੁਰਸ਼ਇੰਦਰ ਕੁਮਾਰ ਕੌਰਵ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇਸ ਐਡਵਾਈਜ਼ਰੀ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਨਿਰਮਾਤਾ ਇਸ ਨੂੰ ਰਿਲੀਜ਼ ਕਰਨ ਦੀ ਸਥਿਤੀ ਵਿੱਚ ਨਹੀਂ ਹੋਣਗੇ। ਹਾਲਾਂਕਿ ਬਿਸ਼ਨੋਈ ਦੇ ਵਕੀਲ ਨੇ ਖ਼ਦਸ਼ਾ ਜਤਾਇਆ ਕਿ ਨਿਰਮਾਤਾ ਪਾਤਰਾਂ ਦੇ ਨਾਂ ਬਦਲ ਕੇ ਇਸ ਨੂੰ ਕਿਸੇ ਹੋਰ ਰੂਪ ਵਿੱਚ ਲਿਆ ਸਕਦੇ ਹਨ, ਪਰ ਅਦਾਲਤ ਨੇ ਕਿਹਾ ਕਿ ਅਜਿਹਾ ਹੋਣ ‘ਤੇ ਪਟੀਸ਼ਨਰ ਦੁਬਾਰਾ ਕਾਨੂੰਨੀ ਕਾਰਵਾਈ ਕਰ ਸਕਦਾ ਹੈ।