Free Trade Agreement: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਇਆ ਮੁਕਤ ਵਪਾਰ ਸਮਝੌਤਾ; ਜਾਣੋਂ ਭਾਰਤ ਨੂੰ ਕੀ ਹੋਵੇਗਾ ਫਾਇਦਾ
ਭਾਰਤ ਅਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇੱਕ ਮੁਕਤ ਵਪਾਰ ਸਮਝੌਤੇ (FTA) ‘ਤੇ ਦਸਤਖਤ ਕੀਤੇ ਹਨ, ਜਿਸ ਦਾ ਉਦੇਸ਼ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣਾ ਹੈ। ਇਸ ਸਮਝੌਤੇ ‘ਤੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਨੇ ਦਸਤਖਤ ਕੀਤੇ।
ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਨਿਰਯਾਤ ਕੀਤੇ ਜਾਣ ਵਾਲੇ ਭਾਰਤ ਦੇ 100 ਫੀਸਦੀ ਸਮਾਨ ‘ਤੇ ਹੁਣ ਕੋਈ ਡਿਊਟੀ ਨਹੀਂ ਲੱਗੇਗੀ, ਜਿਸ ਵਿੱਚ ਸਾਰੀਆਂ ਵਸਤੂਆਂ ਅਤੇ ਉਤਪਾਦ ਸ਼ਾਮਲ ਹਨ। ਇਸ ਫੈਸਲੇ ਨਾਲ ਕੱਪੜਾ ਉਦਯੋਗ, ਚਮੜਾ, ਜੁੱਤੀਆਂ, ਗਹਿਣੇ, ਇੰਜੀਨੀਅਰਿੰਗ ਅਤੇ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਵਾਲੇ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਮਜ਼ਬੂਤੀ ਨਾਲ ਵਧੇਗੀ। ਇਸ ਨਾਲ ਛੋਟੇ ਉਦਯੋਗਾਂ (MSMEs) ਨੂੰ ਫਾਇਦਾ ਹੋਵੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਵੱਡੀ ਉਮੀਦ ਹੈ।
ਇਸ ਤੋਂ ਪਹਿਲਾਂ, ਨਿਊਜ਼ੀਲੈਂਡ ਭਾਰਤ ਤੋਂ ਭੇਜੀਆਂ ਜਾਣ ਵਾਲੀਆਂ ਮੁੱਖ ਚੀਜ਼ਾਂ ਜਿਵੇਂ ਕਿ ਮਿੱਟੀ ਦੇ ਬਰਤਨ (ਸਿਰੇਮਿਕਸ), ਕਾਰਪੇਟ, ਗੱਡੀਆਂ ਅਤੇ ਉਨ੍ਹਾਂ ਦੇ ਪੁਰਜ਼ਿਆਂ ‘ਤੇ 10 ਫੀਸਦੀ ਤੱਕ ਦਾ ਭਾਰੀ ਟੈਰਿਫ ਲਗਾਉਂਦਾ ਸੀ।
ਨਿਊਜ਼ੀਲੈਂਡ ਦੇ ਬਾਕੀ ਵਪਾਰਕ ਭਾਈਵਾਲਾਂ ਵਾਂਗ ਹੀ ਹੁਣ ਭਾਰਤ ਨੂੰ ਵੀ ਬਿਨਾਂ ਕਿਸੇ ਡਿਊਟੀ ਦੇ ਉੱਥੋਂ ਦੇ ਬਾਜ਼ਾਰ ਤੱਕ ਪਹੁੰਚ ਮਿਲ ਗਈ ਹੈ। ਇਸ ਨਾਲ ਭਾਰਤੀ ਸਾਮਾਨ ਨਿਊਜ਼ੀਲੈਂਡ ਵਿੱਚ ਦੂਜੇ ਦੇਸ਼ਾਂ ਦੇ ਮੁਕਾਬਲੇ ਪੂਰੀ ਮਜ਼ਬੂਤੀ ਨਾਲ ਵਿਕੇਗਾ ਅਤੇ ਭਾਰਤ ਨੂੰ ਵੀ ਵਪਾਰ ਕਰਨ ਦੇ ਬਰਾਬਰ ਦੇ ਮੌਕੇ ਮਿਲਣਗੇ।
ਖ਼ਾਸ ਗੱਲ ਇਹ ਹੈ ਕਿ ਭਾਰਤ ਨੇ ਆਪਣੇ ਕਾਰਖਾਨਿਆਂ ਅਤੇ ਉਦਯੋਗਾਂ (ਨਿਰਮਾਣ ਖੇਤਰ) ਲਈ ਡਿਊਟੀ ਮੁਕਤ ਕੱਚਾ ਮਾਲ ਮੰਗਵਾਉਣ ਦੀ ਸਹੂਲਤ ਹਾਸਲ ਕਰ ਲਈ ਹੈ। ਇਸ ਵਿੱਚ ਲੱਕੜ ਦੇ ਮੋਛੇ (logs), ਕੋਲਾ ਅਤੇ ਧਾਤਾਂ ਦਾ ਕਬਾੜ (scrap) ਸ਼ਾਮਲ ਹੈ। ਇਸ ਨਾਲ ਉਤਪਾਦਨ ਦੀ ਲਾਗਤ ਘੱਟ ਹੋਵੇਗੀ ਅਤੇ ਭਾਰਤੀ ਉਦਯੋਗ ਪੂਰੀ ਦੁਨੀਆ ਵਿੱਚ ਹੋਰ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਣਗੇ।
ਦੂਜੇ ਪਾਸੇ, ਭਾਰਤ ਨੇ ਵੀ ਲਗਪਗ 70 ਫੀਸਦੀ ਉਤਪਾਦਾਂ ‘ਤੇ ਟੈਰਿਫ ਵਿੱਚ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਦੋਵਾਂ ਦੇਸ਼ਾਂ ਦੇ ਕੁੱਲ ਵਪਾਰਕ ਮੁੱਲ ਦਾ 95 ਫੀਸਦੀ ਬਣਦਾ ਹੈ। ਇਸ ਦੇ ਨਾਲ ਹੀ, ਭਾਰਤ ਨੇ ਆਪਣੇ ਸੰਵੇਦਨਸ਼ੀਲ ਖੇਤਰਾਂ (ਦੇਸੀ ਕਾਰੋਬਾਰਾਂ) ਦੇ ਹਿੱਤਾਂ ਦੀ ਰਾਖੀ ਲਈ ਲਗਪਗ 30 ਫੀਸਦੀ ਉਤਪਾਦਾਂ ਨੂੰ ਟੈਰਿਫ ਵਿੱਚ ਇਸ ਛੋਟ ਤੋਂ ਬਾਹਰ ਰੱਖਿਆ ਹੈ।
ਜਿਨ੍ਹਾਂ ਉਤਪਾਦਾਂ ਨੂੰ ਟੈਰਿਫ ਛੋਟ ਤੋਂ ਬਾਹਰ (Exclusion list) ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ ਡੇਅਰੀ ਉਤਪਾਦ (ਜਿਵੇਂ ਦੁੱਧ, ਕਰੀਮ, ਦਹੀ, ਪਨੀਰ), ਪਸ਼ੂ ਉਤਪਾਦ (ਭੇਡ ਦੇ ਮੀਟ ਨੂੰ ਛੱਡ ਕੇ), ਖੇਤੀਬਾੜੀ ਦੀਆਂ ਚੀਜ਼ਾਂ (ਜਿਵੇਂ ਪਿਆਜ਼, ਚਨਾ, ਮਟਰ, ਮੱਕੀ, ਬਦਾਮ), ਚੀਨੀ ਅਤੇ ਕ੍ਰਿਤਿਮ ਸ਼ਹਿਦ (Artificial Honey) ਸ਼ਾਮਲ ਹਨ। ਇਸ ਤੋਂ ਇਲਾਵਾ ਬਨਸਪਤੀ ਤੇਲ, ਹਥਿਆਰ ਅਤੇ ਗੋਲਾ ਬਾਰੂਦ, ਕੀਮਤੀ ਨਗ (ਰਤਨ) ਤੇ ਗਹਿਣੇ, ਤਾਂਬਾ ਅਤੇ ਐਲੂਮੀਨੀਅਮ ਵਰਗੀਆਂ ਧਾਤਾਂ ਅਤੇ ਉਨ੍ਹਾਂ ਤੋਂ ਬਣੀਆਂ ਵਸਤੂਆਂ ਨੂੰ ਵੀ ਇਸ ਛੋਟ ਤੋਂ ਬਾਹਰ ਰੱਖਿਆ ਗਿਆ ਹੈ।
ਨਿਊਜ਼ੀਲੈਂਡ ਦੀਆਂ 30 ਫੀਸਦੀ ਉਤਪਾਦ ਸ਼੍ਰੇਣੀਆਂ ਉੱਤੇ ਭਾਰਤ ਹੁਣ ਟੈਰਿਫ ਨਹੀਂ ਲਵੇਗਾ। ਇਸ ਤਹਿਤ ਲੱਕੜ, ਉੱਨ, ਭੇਡ ਦਾ ਮੀਟ ਅਤੇ ਚਮੜੇ ਵਰਗੀਆਂ ਚੀਜ਼ਾਂ ‘ਤੇ ਲੱਗਣ ਵਾਲੀ ਡਿਊਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ।