ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਨਗਰ ਕੌਂਸਲਾਂ ਚੋਣਾਂ ਲਈ ਵੋਟਰ ਸੂਚੀ ਸੋਧ ਦੀ ਪ੍ਰਕਿਰਿਆ ਕੀਤੀ ਸ਼ੁਰੂ
ਪੰਜਾਬ ਰਾਜ ਵਿੱਚ 9 ਨਗਰ ਨਿਗਮਾਂ (ਬਰਨਾਲਾ, ਬਠਿੰਡਾ, ਅਬੋਹਰ, ਬਟਾਲਾ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਐਸਏਐਸ ਨਗਰ ਅਤੇ ਪਠਾਨਕੋਟ) ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ ਹੋਣ ਵਾਲੀਆਂ ਆਮ ਅਤੇ ਉਪ-ਚੋਣਾਂ ਦੇ ਮੱਦੇਨਜ਼ਰ ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀ ਸੋਧ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਰਤ ਚੋਣ ਕਮਿਸ਼ਨ ਤੋਂ ਪ੍ਰਾਪਤ ਮੌਜੂਦਾ ਵੋਟਰ ਸੂਚੀਆਂ ਸਬੰਧਤ ਜ਼ਿਲ੍ਹਿਆਂ ਨੂੰ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ ਜਿੱਥੇ ਨਗਰ ਨਿਗਮ ਚੋਣਾਂ ਹੋਣੀਆਂ ਹਨ। ਸੋਧ ਸਥਾਨਕ ਸਰਕਾਰਾਂ ਵਿਭਾਗ ਦੁਆਰਾ ਅੰਤਿਮ ਰੂਪ ਦਿੱਤੇ ਗਏ ਵਾਰਡ ਸੀਮਾ ਦੇ ਅਨੁਸਾਰ ਕੀਤੀ ਜਾਵੇਗੀ।
ਸਬੰਧਤ ਨਗਰ ਨਿਗਮ ਖੇਤਰਾਂ ਦੇ ਯੋਗ ਵੋਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਰਾਫਟ ਵੋਟਰ ਸੂਚੀ ਵਿੱਚ ਆਪਣੇ ਨਾਮ ਅਤੇ ਵੇਰਵਿਆਂ ਦੀ ਪੁਸ਼ਟੀ ਕਰਨ। ਇਹ ਸੂਚੀ 15 ਅਪ੍ਰੈਲ, 2026 ਨੂੰ ਸਬੰਧਤ ਜ਼ਿਲ੍ਹਿਆਂ ਦੀਆਂ ਵੈੱਬਸਾਈਟਾਂ ‘ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਕਮਿਸ਼ਨ ਨੇ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਦਾਇਰ ਕਰਨ ਲਈ 17 ਅਪ੍ਰੈਲ, 2026 ਤੋਂ 23 ਅਪ੍ਰੈਲ, 2026 (ਦੋਵੇਂ ਦਿਨ ਸ਼ਾਮਲ ਹਨ) ਤੱਕ ਸੱਤ ਦਿਨਾਂ ਦਾ ਸਮਾਂ ਰੱਖਿਆ ਹੈ।