US Iran War Ceasefire: ਇਰਾਨ ਨਾਲ ਗੱਲਬਾਤ ਲਈ ਅਮਰੀਕੀ ਉਪ-ਰਾਸ਼ਟਰਪਤੀ ਪਾਕਿਸਤਾਨ ਰਵਾਨਾ; ਅਮਰੀਕਾ ਲੈਬਨਾਨ ਵਿੱਚ ਜੰਗਬੰਦੀ ਯਕੀਨੀ ਬਣਾਏ: ਇਰਾਨ
ਇਰਾਨ ਦੇ ਵਿਦੇਸ਼ ਮੰਤਰੀ ਅਰਾਕਚੀ ਨੇ ਅੱਜ ਕਿਹਾ ਹੈ ਕਿ ਅਮਰੀਕਾ ਨੂੰ ਆਪਣੀਆਂ ਵਚਨਬੱਧਤਾਵਾਂ ’ਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਜੰਗਬੰਦੀ ਸਮਝੌਤੇ ਵਿੱਚ ਲੈਬਨਾਨ ਨੂੰ ਸ਼ਾਮਲ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਇਰਾਨੀ ਸਰਕਾਰੀ ਮੀਡੀਆ ਅਨੁਸਾਰ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਲੈਬਨਾਨ ਵਿਰੁੱਧ ਹੋ ਰਹੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਲਈ ਆਪਣੀ ਭੂਮਿਕਾ ਨਿਭਾਏ। ਇਰਾਨ ਨਾਲ ਅਹਿਮ ਗੱਲਬਾਤ ਕਰਨ ਲਈ ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ। ਰਵਾਨਾ ਹੋਣ ਸਮੇਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਰਾਨ ਨੂੰ ਇਮਾਨਦਾਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਖੇਡ ਨਹੀਂ ਖੇਡਣੀ ਚਾਹੀਦੀ। ਵੈਂਸ ਨੇ ਕਿਹਾ ਕਿ ਜੇਕਰ ਤਹਿਰਾਨ ਨੇਕ ਨੀਅਤ ਨਾਲ ਗੱਲ ਕਰੇਗਾ ਤਾਂ ਅਮਰੀਕਾ ਵੀ ਖੁੱਲ੍ਹ ਕੇ ਗੱਲਬਾਤ ਕਰਨ ਲਈ ਤਿਆਰ ਹੈ ਪਰ ਜੇਕਰ ਉਸ ਨੇ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਟੀਮ ਬਹੁਤ ਸਖ਼ਤ ਰੁਖ਼ ਅਪਣਾਏਗੀ।
ਦੋਵਾਂ ਦੇਸ਼ਾਂ ਵਿਚਾਲੇ ਇਹ ਅਹਿਮ ਬੈਠਕ ਇਸਲਾਮਾਬਾਦ ਵਿੱਚ ਹੋਣ ਜਾ ਰਹੀ ਹੈ ਪਰ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਨਿਸ਼ਚਿਤਤਾ ਬਰਕਰਾਰ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਰਾਨੀ ਵਫ਼ਦ ਅਜੇ ਤੱਕ ਪਾਕਿਸਤਾਨ ਨਹੀਂ ਪਹੁੰਚਿਆ ਹੈ। ਰਿਪੋਰਟਾਂ ਅਨੁਸਾਰ ਇਰਾਨ ਲੈਬਨਾਨ ਵਿੱਚ ਹੋ ਰਹੇ ਇਜ਼ਰਾਈਲੀ ਹਮਲਿਆਂ ਤੋਂ ਕਾਫ਼ੀ ਨਾਰਾਜ਼ ਹੈ ਅਤੇ ਇਸੇ ਕਾਰਨ ਉਸ ਨੇ ਗੱਲਬਾਤ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਪੁਲੀਸ ਅਤੇ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ ਇਹ ਗੱਲਬਾਤ ਸਿਰੇ ਚੜ੍ਹੇਗੀ ਜਾਂ ਨਹੀਂ।