India latest news

ਬਾਲ ਜਿਨਸੀ ਸ਼ੋਸ਼ਣ ਸਮੱਗਰੀ: ਇਸ਼ਤਿਹਾਰਾਂ ਦੇ ਮਾਮਲੇ ’ਚ ਮੈਟਾ ਨੂੰ ਤਲਬ ਕਰੇਗੀ ਸਰਕਾਰ

ਬਾਲ ਜਿਨਸੀ ਸ਼ੋਸ਼ਣ ਸਮੱਗਰੀ: ਇਸ਼ਤਿਹਾਰਾਂ ਦੇ ਮਾਮਲੇ ’ਚ ਮੈਟਾ ਨੂੰ ਤਲਬ ਕਰੇਗੀ ਸਰਕਾਰ
  • PublishedJuly 3, 2026

ਆਈ ਟੀ (IT) ਮੰਤਰੀ ਅਸ਼ਵਨੀ ਵੈਸ਼ਨਵ ਨੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇੰਸਟਾਗ੍ਰਾਮ ਦੇ ਇਸ਼ਤਿਹਾਰਾਂ ਦੇ ਮਾਮਲੇ ਵਿੱਚ ਮੈਟਾ (Meta) ਕੰਪਨੀ ਨੂੰ ਤਲਬ ਕੀਤਾ ਜਾਵੇ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਆਈ ਟੀ ਮੰਤਰਾਲਾ ਮੈਟਾ ਤੋਂ ਉਕਤ ਮਾਮਲੇ ਬਾਰੇ ਸਪਸ਼ਟੀਕਰਨ ਮੰਗੇਗਾ। ਇਸ ਹਫ਼ਤੇ ਇਹ ਦੂਜਾ ਅਜਿਹਾ ਮੌਕਾ ਹੈ ਜਦੋਂ ਸਰਕਾਰ ਨੇ ਮੈਟਾ ‘ਤੇ ਸ਼ਿਕੰਜਾ ਕੱਸਿਆ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਕੇਂਦਰ ਨੇ ਵਟਸਐਪ (WhatsApp) ‘ਤੇ ਯੋਜਨਾਬੱਧ ‘ਯੂਜ਼ਰਨੇਮ’ (Username) ਫੀਚਰ ‘ਤੇ ਸਵਾਲ ਉਠਾਉਂਦੇ ਹੋਏ ਮੈਟਾ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਇਸ ਵਿੱਚ ਚਿੰਤਾ ਜਤਾਈ ਗਈ ਸੀ ਕਿ ਇਸ ਫੀਚਰ ਨਾਲ ਔਨਲਾਈਨ ਧੋਖਾਧੜੀ, ਫਿਸ਼ਿੰਗ, ਡਿਜੀਟਲ ਅਰੈਸਟ ਸਕੈਮ ਅਤੇ ਭੇਸ ਬਦਲ ਕੇ ਕੀਤੇ ਜਾਣ ਵਾਲੇ ਸਾਈਬਰ ਹਮਲੇ (ਇੰਪਰਸਨਪੇਸ਼ਨ ਅਟੈਕ) ਕਾਫ਼ੀ ਵੱਧ ਸਕਦੇ ਹਨ।

ਸਰਕਾਰ ਨੇ ਪਲੇਟਫਾਰਮ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਫੀਚਰ ਨੂੰ ਉਦੋਂ ਤੱਕ ਰੋਕ ਕੇ ਰੱਖੇ, ਜਦੋਂ ਤੱਕ ਇਸ ਮੁੱਦੇ ‘ਤੇ ਸਲਾਹ-ਮਸ਼ਵਰਾ “ਸਰਕਾਰ ਦੀ ਸੰਤੁਸ਼ਟੀ ਮੁਤਾਬਕ” ਪੂਰਾ ਨਹੀਂ ਹੋ ਜਾਂਦਾ।

ਕੇਂਦਰ ਨੇ ਮੈਟਾ ਤੋਂ ਇਹ ਸਪਸ਼ਟੀਕਰਨ ਵੀ ਮੰਗਿਆ ਸੀ ਕਿ ਵਟਸਐਪ ਦੇ ਇਸ ਨਵੇਂ ਫੀਚਰ, ਜਿਸ ਨਾਲ ਸਾਈਬਰ ਅਪਰਾਧ ਵੱਧ ਸਕਦੇ ਹਨ, ਨੂੰ ਲੈ ਕੇ ਆਈ ਟੀ ਐਕਟ ਅਤੇ ਨਿਯਮਾਂ ਤਹਿਤ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।