ਭੋਜਸ਼ਾਲਾ ਵਿਵਾਦ: ਮੁਸਲਿਮ ਪੱਖ ਦੀ ਪਟੀਸ਼ਨ ‘ਤੇ SC ਨੇ ASI ਅਤੇ MP ਸਰਕਾਰ ਤੋਂ ਮੰਗਿਆ ਜਵਾਬ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਧਾਰ ਵਿਚ ਸਥਿਤ ਵਿਵਾਦਿਤ ਭੋਜਸ਼ਾਲਾ ਕੰਪਲੈਕਸ ਨੇੜੇ ਮੁਸਲਿਮ ਭਾਈਚਾਰੇ ਨੂੰ ਸ਼ੁੱਕਰਵਾਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਨਮਾਜ਼ ਅਦਾ ਕਰਨ ਲਈ ਇਕ ਵੱਖਰੀ ਜਗ੍ਹਾ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਵੀ.ਮੋਹਨਾ ਦੇ ਬੈਂਚ ਦੇ ਸਪੱਸ਼ਟ ਕੀਤਾ ਕਿ ਮੁਸਲਿਮ ਭਾਈਚਾਰੇ ਲਈ ਇਕ ਪ੍ਰਬੰਧ ਸਿਰਫ਼ ਐਡਹਾਕ ਹੋਵੇਗਾ ਅਤੇ ਇਸ ਮਾਮਲੇ ਵਿਚ ਲੰਬਿਤ ਪਟੀਸ਼ਨਾਂ ‘ਤੇ ਅੰਤਿਮ ਫੈਸਲੇ ਦੇ ਅਧੀਨ ਹੋਵੇਗਾ।
ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਭਾਰਤੀ ਪੁਰਾਤੱਤਵ ਸਰਵੇਖਣ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਵਿਵਾਦਿਤ ਕੰਪਲੈਕਸ ਵਿਚ ਕੋਈ ਢਾਂਚਾਗਤ ਬਦਲਾਅ ਨਾ ਕਰੇ। ਭੋਜਸ਼ਾਲਾ ਵਿਵਾਦ ਨੂੰ ਇਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਦੱਸਦੇ ਹੋਏ ਅਦਾਲਤ ਨੇ ਹਿੰਦੂ ਅਤੇ ਮੁਸਲਿਮ ਦੋਵਾਂ ਧਿਰਾਂ ਨੂੰ ਸਬਰ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨ ਅਤੇ ਵਿਵਾਦ ਦਾ ਹੱਲ ਕੱਢਣ ਲਈ ਤਿਆਰ ਹੈ। ਸੁਪਰੀਮ ਕੋਰਟ ਮੱਧ ਪ੍ਰਦੇਸ਼ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਧਾਰ ਜ਼ਿਲ੍ਹੇ ਵਿਚ ਸਥਿਤ ਵਿਵਾਦਤ ਭੋਜਸ਼ਾਲਾ ਕੰਪਲੈਕਸ ਵਿਚ ਦੇਵੀ ਸਰਸਵਤੀ ਦਾ ਮੰਦਰ ਹੈ।