ਬੰਬੀਹਾ ਗੈਂਗ ਦੇ 3 ਮੁੱਖ ਕਾਰਕੁਨ ਮਲੇਸ਼ੀਆ ਤੋਂ ਕਾਬੂ; ਡਿਪੋਰਟ ਹੋਣ ਉਪਰੰਤ Punjab ਪੁਲੀਸ ਨੇ ਹਿਰਾਸਤ ’ਚ ਲਿਆ
criminal extradition: ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਲੋੜੀਂਦੇ ਕਾਰਕੂਨਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਲਿਆ ਹੈ, ਇੱਕ ਚੋਟੀ ਦੇ ਪੁਲੀਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਡਿਪੋਰਟ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜਸ ਬਹਿਬਲ, ਫ਼ਰੀਦਕੋਟ ਦੇ ਰਹਿਣ ਵਾਲੇ, ਅਤੇ ਅਜੇ ਸਿੰਘ ਅਤੇ ਪਵਨਦੀਪ ਸਿੰਘ, ਰਾਜਸਥਾਨ ਦੇ ਸ੍ਰੀ ਗੰਗਾਨਗਰ ਦੇ ਰਹਿਣ ਵਾਲਿਆਂ ਵਜੋਂ ਹੋਈ ਹੈ।
ਤਿੰਨਾਂ ਨੂੰ ਮਲੇਸ਼ੀਆ ਤੋਂ ਭਾਰਤ ਡਿਪੋਰਟ ਕੀਤੇ ਜਾਣ ‘ਤੇ ਨਵੀਂ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ ‘ਤੇ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿੱਚ ਅੱਗੇ ਦੀ ਜਾਂਚ ਲਈ ਪੰਜਾਬ ਲਿਆਂਦਾ ਗਿਆ।
ਡੀ.ਜੀ.ਪੀ. ਨੇ ਕਿਹਾ ਕਿ ਇਹ ਤਿੰਨੇ ਹੀ ਮਲੇਸ਼ੀਆ ਆਧਾਰਿਤ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਕਾਰਕੂਨ ਹਨ ਅਤੇ ਪਾਕਿਸਤਾਨ ਦੀ ਆਈ.ਐੱਸ.ਆਈ. ਨਾਲ ਜੁੜੇ ਕਤਲ, ਫਿਰੌਤੀ, ਵਿਸਫੋਟਕਾਂ ਅਤੇ ਲੁਧਿਆਣਾ ਵਿੱਚ ਇੱਕ ਯੋਜਨਾਬੱਧ ਹੈਂਡ-ਗ੍ਰਨੇਡ ਧਮਾਕੇ ਨਾਲ ਜੁੜੇ ਕਈ ਮਾਮਲਿਆਂ ਵਿੱਚ ਲੋੜੀਂਦੇ ਹਨ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ ਕਾਊਂਟਰ ਇੰਟੈਲੀਜੈਂਸ, ਅਮਿਤ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਭਗੌੜਿਆਂ ਦੀ ਡਿਪੋਰਟੇਸ਼ਨ ਅਤੇ ਗ੍ਰਿਫ਼ਤਾਰੀ ਇੱਕ ਨਿਰੰਤਰ ਖੁਫੀਆ ਅਧਾਰਤ ਅਪਰੇਸ਼ਨ ਦੀ ਸਮਾਪਤੀ ਹੈ, ਜੋ ਕਈ ਮਹੀਨਿਆਂ ਤੱਕ ਜਾਰੀ ਰਿਹਾ, ਜਿਸ ਦੌਰਾਨ ਭਗੌੜਿਆਂ ਦੀਆਂ ਗਤੀਵਿਧੀਆਂ ਅਤੇ ਹਰਕਤਾਂ ‘ਤੇ ਨੇੜਿਓਂ ਨਜ਼ਰ ਰੱਖੀ ਗਈ ਸੀ।
ਉਨ੍ਹਾਂ ਕਿਹਾ ਕਿ ਤਾਲਮੇਲ ਵਾਲੇ ਯਤਨਾਂ ਦੇ ਨਤੀਜੇ ਵਜੋਂ ਆਖਰਕਾਰ ਉਨ੍ਹਾਂ ਨੂੰ ਮਲੇਸ਼ੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਅਤੇ ਭਾਰਤ ਵਿੱਚ ਡਿਪੋਰਟ ਕੀਤਾ ਗਿਆ।
ਆਈ ਜੀ ਪੀ ਓਫਟੈੱਕ ਆਸ਼ੀਸ਼ ਚੌਧਰੀ ਨੇ ਕਿਹਾ ਕਿ ਮੁਲਜ਼ਮ ਜਸਪ੍ਰੀਤ ਉਰਫ਼ ਜਸ ਬਹਿਬਲ ਜੂਨ 2019 ਵਿੱਚ ਮਲੇਸ਼ੀਆ ਗਿਆ ਸੀ, ਜਿੱਥੇ ਉਹ ਭਗੌੜੇ ਗੈਂਗਸਟਰ ਦੇ ਸੰਪਰਕ ਵਿੱਚ ਆਇਆ ਜਿਸ ਰਾਹੀਂ ਉਹ ਦਵਿੰਦਰ ਬੰਬੀਹਾ ਗੈਂਗ ਵਿੱਚ ਸ਼ਾਮਲ ਹੋ ਗਿਆ ਅਤੇ ਹੌਲੀ-ਹੌਲੀ ਗੈਂਗ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ।
ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਆਗੂ ਯਦਵਿੰਦਰ ਸਿੰਘ ਅਤੇ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਦੇ ਡਰਾਈਵਰ ਦੇ 2025 ਦੇ ਕਤਲ ਕੇਸ ਦੇ ਸਬੰਧ ਵਿੱਚ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।