White House Correspondents ਡਿਨਰ ਦੌਰਾਨ ਫਾਇਰਿੰਗ; ਰਾਸ਼ਟਰਪਤੀ ਟਰੰਪ ਵਾਲ-ਵਾਲ ਬਚੇ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸ਼ਨੀਵਾਰ ਰਾਤ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਵ੍ਹਾਈਟ ਹਾਊਸ ਕਾਰਸਪੋਂਡੈਂਟਸ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ (ਡਿਨਰ) ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਤੇ ਦੇਸ਼ ਦੇ ਹੋਰ ਉੱਚ ਨੇਤਾਵਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਰਾਸ਼ਟਰਪਤੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਭਾਜੜ ਦੌਰਾਨ ਮੰਚ ਤੋਂ ਉਤਰਦੇ ਸਮੇਂ ਉਹ ਮਾਮੂਲੀ ਲੜਖੜਾ ਗਏ ਸਨ, ਜਿਨ੍ਹਾਂ ਨੂੰ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਤੁਰੰਤ ਸੰਭਾਲ ਲਿਆ।
ਵਾਸ਼ਿੰਗਟਨ ਹਿਲਟਨ ਹੋਟਲ ਦੇ ਬਾਲਰੂਮ ਵਿੱਚ ਜਦੋਂ ਸੈਂਕੜੇ ਪੱਤਰਕਾਰ ਅਤੇ ਮਹਿਮਾਨ ਰਾਤਰੀ ਭੋਜ ਦਾ ਅਨੰਦ ਲੈ ਰਹੇ ਸਨ, ਤਾਂ ਅਚਾਨਕ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਆਈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਇੱਕ ਹਮਲਾਵਰ ਨੇ ਗੋਲੀਆਂ ਚਲਾਈਆਂ ਸਨ। ਘਟਨਾ ਤੋਂ ਤੁਰੰਤ ਬਾਅਦ ਪੂਰੇ ਹਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਇਕ ਪੁਲੀਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ, ਪਰ ਬੁਲੇਟ-ਪਰੂਫ ਜੈਕਟ ਹੋਣ ਕਾਰਨ ਉਸ ਦੀ ਜਾਨ ਬਚ ਗਈ।