India latest news

Weather Update: ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਅਗਲੇ 3 ਦਿਨਾਂ ਤੱਕ ਜਾਰੀ ਰਹੇਗੀ ਲੂ

Weather Update: ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਅਗਲੇ 3 ਦਿਨਾਂ ਤੱਕ ਜਾਰੀ ਰਹੇਗੀ ਲੂ
  • PublishedApril 26, 2026

ਭਾਰਤੀ ਮੌਸਮ ਵਿਭਾਗ (IMD) ਨੇ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਲਈ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਕੜਕਦੀ ਧੁੱਪ ਰਹੇਗੀ ਤੇ ਗਰਮ ਹਵਾਵਾਂ ਚੱਲਣਗੀਆਂ ਤੇ ਤੇਜ਼ ਗਰਮੀ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 27 ਅਪਰੈਲ ਨੂੰ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਵਿਦਰਭ, ਬਿਹਾਰ ਅਤੇ ਗੁਜਰਾਤ ਦੇ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਪੂਰੀ ਸੰਭਾਵਨਾ ਹੈ।

ਦਿੱਲੀ ਬਾਰੇ ਗੱਲ ਕਰਦਿਆਂ ਮੌਸਮ ਵਿਭਾਗ ਨੇ ਕਿਹਾ ਕਿ ਅਸਮਾਨ ਮੁੱਖ ਤੌਰ ‘ਤੇ ਸਾਫ਼ ਰਹੇਗਾ ਪਰ ਬਾਅਦ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਹੋ ਸਕਦੀ ਹੈ। ਦਿੱਲੀ ਦੇ ਕੁਝ ਹਿੱਸਿਆਂ ਵਿੱਚ ਲੂ ਚੱਲੇਗੀ। ਹਾਲਾਂਕਿ, 27 ਅਪਰੈਲ ਦੀ ਦੁਪਹਿਰ ਜਾਂ ਸ਼ਾਮ ਨੂੰ ਗਰਜ ਦੇ ਨਾਲ ਬਹੁਤ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜ਼ਿਆਦਾ ਦੇਰ ਤੱਕ ਧੁੱਪ ਵਿੱਚ ਰਹਿਣ ਤੋਂ ਬਚਣ। ਹਲਕੇ ਭਾਰ ਵਾਲੇ, ਹਲਕੇ ਰੰਗ ਦੇ ਅਤੇ ਢਿੱਲੇ ਸੂਤੀ ਕੱਪੜੇ ਪਹਿਨਣ ਅਤੇ ਬਾਹਰ ਨਿਕਲਣ ਸਮੇਂ ਸਿਰ ਨੂੰ ਕੱਪੜੇ, ਟੋਪੀ ਜਾਂ ਛਤਰੀ ਨਾਲ ਢੱਕ ਕੇ ਰੱਖਣ।

ਵਧਦੇ ਤਾਪਮਾਨ ਅਤੇ ਲੂ ਦੇ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਨੂੰ ਅਧਿਕਾਰੀਆਂ ਨੂੰ ‘ਹੀਟ ਵੇਵ ਐਕਸ਼ਨ ਪਲਾਨ 2026’ ਨੂੰ ਜ਼ਮੀਨੀ ਪੱਧਰ ‘ਤੇ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਗਰਮੀ ਦੀ ਗੰਭੀਰਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਦਿੱਲੀ ਵਿੱਚ ਇਨ੍ਹਾਂ ਦਿਨਾਂ ਦੌਰਾਨ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ, ਜੋ ਚਿੰਤਾਜਨਕ ਰੁਝਾਨ ਹੈ।

ਮੁੱਖ ਮੰਤਰੀ ਦਫ਼ਤਰ (CMO) ਅਨੁਸਾਰ ਸਕੂਲੀ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਰਕਾਰ ਲੋੜ ਪੈਣ ‘ਤੇ ਸਕੂਲੋਂ ਛੁੱਟੀ ਹੋਣ ਸਮੇਂ ਉਨ੍ਹਾਂ ਨੂੰ ORS ਦਾ ਘੋਲ ਪਿਲਾ ਸਕਦੀ ਹੈ ਤਾਂ ਜੋ ਰਸਤੇ ਵਿੱਚ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਦਾ ਖ਼ਤਰਾ ਨਾ ਰਹੇ। ਉਸਾਰੀ ਅਧੀਨ ਥਾਵਾਂ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵੀ ਦੁਪਹਿਰ ਦੀ ਤੇਜ਼ ਗਰਮੀ ਦੌਰਾਨ ਸਖ਼ਤ ਨਿਯਮ ਲਾਗੂ ਕੀਤੇ ਜਾਣਗੇ ਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਗਰਮੀ ਕਾਰਨ ਸਿਹਤ ਸਬੰਧੀ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।