Vietnam ਵਿੱਚ ਕਿਸ਼ਤੀ ਪਲਟਣ ਕਾਰਨ 15 ਭਾਰਤੀ ਸੈਲਾਨੀਆਂ ਦੀ ‘ਮੌਤ ਹੋਣ ਦਾ ਖ਼ਦਸ਼ਾ’
ਵੀਅਤਨਾਮ ਦੇ ਫੂ ਕੁਓਕ ਟਾਪੂ (Phu Quoc Island) ਨੇੜੇ ਸ਼ਨਿੱਚਰਵਾਰ ਨੂੰ ਕਈ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਾਲਾਂਕਿ, ਭਾਰਤੀ ਦੂਤਾਵਾਸ ਵੱਲੋਂ ਅਜੇ ਤੱਕ ਮ੍ਰਿਤਕਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਹਨੋਈ ਸਥਿਤ ਭਾਰਤੀ ਦੂਤਾਵਾਸ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਇੱਕ ਦਰਦਨਾਕ ਹਾਦਸੇ ਵਿੱਚ, ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਕਈ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਹੈ।”
ਦੂਤਾਵਾਸ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਵੱਲੋਂ ਹਾਦਸੇ ਦੇ ਪੁਖ਼ਤਾ ਵੇਰਵਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਹੋ ਚੀ ਮਿਨਹ ਸਿਟੀ (Ho Chi Minh City) ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਹਨੋਈ ਵਿੱਚ ਦੂਤਾਵਾਸ ਵਿਖੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਪਹਿਲੇ ਕੰਟਰੋਲ ਰੂਮ ਦੇ ਇਨ੍ਹਾਂ ਨੰਬਰਾਂ +84 36 281 7930, +84 91 552 37 14 ਅਤੇ +84 33 452 0414 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਹਨੋਈ ਵਿੱਚ ਬਣਾਏ ਗਏ ਦੂਜੇ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ +84 91 308 9165 ‘ਤੇ ਫ਼ੋਨ ਕੀਤਾ ਜਾ ਸਕਦਾ ਹੈ।
ਭਾਰਤੀ ਮਿਸ਼ਨ ਨੇ ਕਿਹਾ ਕਿ ਇਹ ਨੰਬਰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਅਤੇ ਪੁੱਛਗਿੱਛ ਲਈ ਉਪਲਬਧ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿੱਚ 32 ਭਾਰਤੀ ਸੈਲਾਨੀ ਅਤੇ ਚਾਲਕ ਦਲ (crew) ਦੇ ਚਾਰ ਮੈਂਬਰ ਸਵਾਰ ਸਨ।
ਸਥਾਨਕ ਰੋਜ਼ਾਨਾ ਅਖ਼ਬਾਰ ‘ਵੀਐਨਐਕਸਪ੍ਰੈਸ’ (VnExpress) ਨੇ ਰਿਪੋਰਟ ਦਿੱਤੀ ਹੈ ਕਿ ਜਦੋਂ ਇਹ ਸਪੀਡਬੋਟ ਹੌਨ ਮੇ ਰੂਟ ਟਾਪੂ (Hon May Rut Island) ਤੋਂ ਐਨ ਥੋਈ ਬੰਦਰਗਾਹ (An Thoi Port) ਵੱਲ ਜਾ ਰਹੀ ਸੀ, ਤਾਂ ਤੱਟ (shore) ਤੋਂ ਕਰੀਬ 400 ਮੀਟਰ ਦੂਰ ਪਲਟ ਗਈ।