latest news World

Vietnam Boat Accident: 15 ਭਾਰਤੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਦਾ ਅਪਰੇਟਰ ਗ੍ਰਿਫ਼ਤਾਰ

Vietnam Boat Accident: 15 ਭਾਰਤੀਆਂ ਦੀ ਮੌਤ ਤੋਂ ਬਾਅਦ ਸਪੀਡਬੋਟ ਦਾ ਅਪਰੇਟਰ ਗ੍ਰਿਫ਼ਤਾਰ
  • PublishedJuly 12, 2026

ਵੀਅਤਨਾਮ ਦੇ Phu Quoc Island ਦੇ ਸਮੁੰਦਰ ਵਿੱਚ ਇੱਕ ਸਪੀਡਬੋਟ ਪਲਟਣ ਕਾਰਨ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੇ ਸਬੰਧ ਵਿੱਚ ਐਤਵਾਰ ਨੂੰ ਸਪੀਡਬੋਟ ਦੇ ਅਪਰੇਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਹਾਦਸਾ ਸ਼ਨਿਚਰਵਾਰ ਨੂੰ ਦੱਖਣੀ ਵੀਅਤਨਾਮ ਦੇ ਫੂ ਕੁਓਕ ਟਾਪੂ ਦੇ ਨੇੜੇ ਹਾਨ ਮੇ ਰੂਤ ਨਗੋਈ ਵਿਖੇ ਵਾਪਰਿਆ, ਜਦੋਂ 32 ਭਾਰਤੀ ਸੈਲਾਨੀਆਂ ਅਤੇ 4 ਸਥਾਨਕ ਕਰਿਊ ਮੈਂਬਰਾਂ ਨੂੰ ਲੈ ਕੇ ਜਾ ਰਹੀ ਸਪੀਡਬੋਟ ਅਚਾਨਕ ਪਲਟ ਗਈ। ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਜਾਨ ਚਲੀ ਗਈ, ਜਦੋਂ ਕਿ ਬਾਕੀ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਅਪਰੇਟਰ ਦੀ ਪਛਾਣ 57 ਸਾਲਾ ਕਪਤਾਨ ਨਗੁਏਨ ਹੋਂਗ ਹਾਈ ਵਜੋਂ ਹੋਈ ਹੈ। ਇਹ ਭਾਰਤੀ ਸੈਲਾਨੀ ਇੱਕ ਟਾਪੂ ਦੀ ਸੈਰ ਕਰਕੇ ਵਾਪਸ ਪਰਤ ਰਹੇ ਸਨ, ਜਦੋਂ ਕਿ ਕਿਨਾਰੇ ਤੋਂ ਮਹਿਜ਼ 400 ਮੀਟਰ ਦੀ ਦੂਰੀ ‘ਤੇ ਉਨ੍ਹਾਂ ਦੀ ਬੋਟ ਹਾਦਸੇ ਦਾ ਸ਼ਿਕਾਰ ਹੋ ਗਈ।

ਹਾਦਸੇ ਤੋਂ ਤੁਰੰਤ ਬਾਅਦ ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨਹ ਹੁੰਗ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਜਾਂਚ ਟੀਮਾਂ ਨੇ ਮੌਕੇ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਹਨ ਅਤੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਸ ਵੱਡੀ ਤਰਾਸਦੀ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਫੂ ਕੁਓਕ ਟਾਪੂ ਦੇ ਆਸ-ਪਾਸ ਚੱਲਣ ਵਾਲੇ ਸਾਰੇ ਸਪੀਡਬੋਟ ਟੂਰਾਂ ‘ਤੇ ਆਰਜ਼ੀ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਹੀ ਇਨ੍ਹਾਂ ਸੇਵਾਵਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।