latest news World

US H-1B Visa: ਜਲਦੀ ਪ੍ਰੋਸੈਸਿੰਗ ਲਈ 2 ਲੱਖ ਤੋਂ ਵੱਧ ਬਿਨੈਕਾਰਾਂ ਨੇ ਭਰੀ 83 ਲੱਖ ਰੁਪਏ ਦੀ ਮੋਟੀ ਫ਼ੀਸ

US H-1B Visa: ਜਲਦੀ ਪ੍ਰੋਸੈਸਿੰਗ ਲਈ 2 ਲੱਖ ਤੋਂ ਵੱਧ ਬਿਨੈਕਾਰਾਂ ਨੇ ਭਰੀ 83 ਲੱਖ ਰੁਪਏ ਦੀ ਮੋਟੀ ਫ਼ੀਸ
  • PublishedJune 3, 2026

ਅਮਰੀਕਾ ਵਿੱਚ ਨੌਕਰੀ ਕਰਨ ਦੇ ਚਾਹਵਾਨ ਵਿਦੇਸ਼ੀ ਪੇਸ਼ੇਵਰਾਂ ਲਈ ਇੱਕ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਹੈ। ਵਿੱਤੀ ਸਾਲ 2026 ਦੌਰਾਨ 2 ਲੱਖ ਤੋਂ ਵੱਧ ਬਿਨੈਕਾਰਾਂ ਨੇ ਆਪਣੇ H-1B ਵੀਜ਼ਾ ਦੀ ਪ੍ਰਕਿਰਿਆ ਨੂੰ ਤੇਜ਼ ਕਰਵਾਉਣ ਲਈ 1,00,000 ਅਮਰੀਕੀ ਡਾਲਰ (ਕਰੀਬ 83 ਲੱਖ ਰੁਪਏ) ਦੀ ਭਾਰੀ-ਭਰਕਮ ਫ਼ੀਸ ਦਾ ਭੁਗਤਾਨ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਦੇ ਸਕੱਤਰ ਮਾਰਕਵੇਨ ਮਲਿਨ ਨੇ ਇੱਥੇ ਸੈਨੇਟ ਦੀ ਇੱਕ ਉੱਚ-ਪੱਧਰੀ ਕਮੇਟੀ ਸਾਹਮਣੇ ਪੇਸ਼ ਹੋਣ ਦੌਰਾਨ ਕੀਤੀ ਹੈ।

ਸੈਨੇਟ ਐਪ੍ਰੋਪ੍ਰੀਏਸ਼ਨਜ਼ ਸਬ-ਕਮੇਟੀ ਦੇ ਸਾਹਮਣੇ ਗਵਾਹੀ ਦਿੰਦਿਆਂ ਹੋਮਲੈਂਡ ਸਕਿਓਰਿਟੀ ਦੇ ਸਕੱਤਰ ਮਲਿਨ ਨੇ ਦੱਸਿਆ ਕਿ ਵਿੱਤੀ ਸਾਲ 2026 ਵਿੱਚ ਹੁਣ ਤੱਕ ਵਿਭਾਗ ਨੂੰ ਕੁੱਲ 2.86 ਲੱਖ H-1B ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 2 ਲੱਖ ਤੋਂ ਵੱਧ ਬਿਨੈਕਾਰਾਂ ਜਾਂ ਉਨ੍ਹਾਂ ਦੇ ਮਾਲਕਾਂ ਨੇ ਪ੍ਰੀਮੀਅਮ ਰੂਟ ਦੀ ਚੋਣ ਕੀਤੀ ਤਾਂ ਜੋ ਬਿਨਾਂ ਕਿਸੇ ਦੇਰੀ ਦੇ ਵੀਜ਼ਾ ਹਾਸਲ ਕੀਤਾ ਜਾ ਸਕੇ। ਇਹ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਅਮਰੀਕੀ ਸੈਨੇਟਰ ਸੂਜ਼ਨ ਕੋਲਿਨਜ਼ ਨੇ ਦੇਸ਼ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਡਾਕਟਰਾਂ ਦੀ ਵੱਡੀ ਕਿੱਲਤ ਦਾ ਮੁੱਦਾ ਚੁੱਕਿਆ। ਸਕੱਤਰ ਮਲਿਨ ਨੇ ਵੀਜ਼ਾ ਪ੍ਰਕਿਰਿਆ ਦੇ ਸਮੇਂ ਦਾ ਵੱਡਾ ਫ਼ਰਕ ਦੱਸਦਿਆਂ ਕਿਹਾ ਕਿ ਜਿਹੜੇ ਬਿਨੈਕਾਰ ਇਹ ਮੋਟੀ ਰਕਮ ਤਾਰਦੇ ਹਨ, ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਮਹਿਜ਼ 15 ਦਿਨਾਂ ਦੇ ਅੰਦਰ ਮੁਕੰਮਲ ਕਰ ਦਿੱਤੀ ਜਾਂਦੀ ਹੈ। ਦੂਜੇ ਪਾਸੇ, ਆਮ ਫ਼ੀਸ ਦੇਣ ਵਾਲੇ ਬਾਕੀ ਬਿਨੈਕਾਰਾਂ ਦੀਆਂ ਅਰਜ਼ੀਆਂ ਦੇ ਨਿਪਟਾਰੇ ਲਈ ਵਿਭਾਗ ਨੂੰ ਲਗਭਗ ਸਾਢੇ ਸੱਤ ਮਹੀਨਿਆਂ (7.5 ਮਹੀਨੇ) ਦਾ ਲੰਮਾ ਸਮਾਂ ਲੱਗ ਜਾਂਦਾ ਹੈ। ਸਮੇਂ ਦੇ ਇਸੇ ਵੱਡੇ ਫ਼ਰਕ ਕਾਰਨ ਕੰਪਨੀਆਂ ਅਤੇ ਅਦਾਰੇ ਲੱਖਾਂ ਰੁਪਏ ਵਾਧੂ ਖ਼ਰਚਣ ਲਈ ਮਜਬੂਰ ਹਨ।