UK News: ਬਰਤਾਨੀਆ ਵਿੱਚ ਸਿੱਖ ਲੜਕੀ ਨਾਲ ਧਾਰਮਿਕ ਨਫ਼ਰਤ ਤਹਿਤ ਜਬਰ-ਜਨਾਹ ਕਰਨ ਵਾਲੇ ਨੂੰ ਉਮਰ ਕੈਦ
ਬਰਤਾਨੀਆ ਦੇ ਵਾਲਸਾਲ (Walsall) ਵਿੱਚ ਇੱਕ ਸਿੱਖ ਲੜਕੀ ਨਾਲ ਧਾਰਮਿਕ ਨਫ਼ਰਤ ਦੇ ਆਧਾਰ ’ਤੇ ਜਬਰ-ਜਨਾਹ ਕਰਨ ਦੇ ਜੁਰਮ ਵਿੱਚ 32 ਸਾਲਾ ਜੌਨ ਐਸ਼ਬੀ ਨੂੰ ਬਰਮਿੰਘਮ ਕਰਾਊਨ ਕੋਰਟ ਨੇ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬ੍ਰਿਟਿਸ਼ ਮੂਲ ਦੇ ਇਸ ਵਿਅਕਤੀ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸ਼ਬੀ ਨੇ ਪਹਿਲਾਂ ਜਿਨਸੀ ਸ਼ੋਸ਼ਣ, ਗਲਾ ਘੁੱਟਣ ਅਤੇ ਨਸਲੀ ਹਿੰਸਾ ਵਰਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੰਦੇ ਹੋਏ ਕਿਹਾ ਕਿ ਪੈਰੋਲ ਬਾਰੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ ਘੱਟੋ-ਘੱਟ 14 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।
ਜੱਜ ਨੇ ਸਜ਼ਾ ਸੁਣਾਉਂਦੇ ਹੋਏ ਐਸ਼ਬੀ ਨੂੰ ਬੇਹੱਦ ਘਿਣਾਉਣਾ ਨਸਲਵਾਦੀ ਦੱਸਿਆ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਹਮਲੇ ਵੇਲੇ ਦੋਸ਼ੀ ਨੇ ਲੜਕੀ ਨੂੰ ਗਲਤੀ ਨਾਲ ਮੁਸਲਿਮ ਸਮਝ ਲਿਆ ਸੀ ਅਤੇ ਉਸ ਵਿਰੁੱਧ ਜ਼ਹਿਰ ਉਗਲਿਆ ਸੀ। ਜੱਜ ਨੇ ਕਿਹਾ, “ਤੁਸੀਂ ਔਰਤਾਂ ਲਈ ਇੱਕ ਵੱਡਾ ਖ਼ਤਰਾ ਹੋ ਅਤੇ ਇਹ ਕਹਿਣਾ ਮੁਸ਼ਕਲ ਹੈ ਕਿ ਤੁਸੀਂ ਕਦੋਂ ਤੱਕ ਖ਼ਤਰਨਾਕ ਬਣੇ ਰਹੋਗੇ।” ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ 25 ਅਕਤੂਬਰ ਨੂੰ ਐਸ਼ਬੀ ਨੇ ਬੱਸ ਸਟਾਪ ਤੋਂ ਲੜਕੀ ਦਾ ਪਿੱਛਾ ਉਸ ਦੇ ਘਰ ਤੱਕ ਕੀਤਾ ਸੀ। ਉਸ ਨੇ ਨਸ਼ੇ ਦੀ ਹਾਲਤ ਵਿੱਚ ਇੱਕ ਸੋਟੀ ਨੂੰ ਹਥਿਆਰ ਵਜੋਂ ਵਰਤਿਆ ਅਤੇ ਲੜਕੀ ਦੇ ਆਪਣੇ ਹੀ ਘਰ ਵਿੱਚ ਉਸ ਨੂੰ ਗੰਭੀਰ ਮਾਨਸਿਕ ਅਤੇ ਸਰੀਰਕ ਸੱਟਾਂ ਪਹੁੰਚਾਈਆਂ।