latest news World

UK Hit-and-Run: Punjabi ਮੂਲ ਦੇ ਡਿਲਿਵਰੀ ਬੁਆਏ ਨੂੰ 11 ਸਾਲ ਤੋਂ ਵੱਧ ਦੀ ਸਜ਼ਾ

UK Hit-and-Run: Punjabi ਮੂਲ ਦੇ ਡਿਲਿਵਰੀ ਬੁਆਏ ਨੂੰ 11 ਸਾਲ ਤੋਂ ਵੱਧ ਦੀ ਸਜ਼ਾ
  • PublishedMay 21, 2026

ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ ਵਿੱਚ ਵਾਪਰੇ ਹਿੱਟ ਐਂਡ ਰਨ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਨੂੰ 11 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 41 ਸਾਲਾ ਹਰਿੰਦਰਪਾਲ ਅਟਵਾਲ ਪਿਛਲੇ ਸਾਲ ਦਸੰਬਰ ਵਿੱਚ ਬਰਮਿੰਘਮ ਦੀ ਸੋਹੋ ਰੋਡ ‘ਤੇ ਕਾਰ ਚਲਾ ਰਿਹਾ ਸੀ, ਜਦੋਂ ਉਸਨੇ ਸੜਕ ਕਿਨਾਰੇ ਜਾ ਰਹੇ ਇੱਕ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਹ ਊਬਰ ਈਟਸ (Uber Eats) ਦਾ ਡਿਲਿਵਰੀ ਡਰਾਈਵਰ ਬਰਮਿੰਘਮ ਕਰਾਊਨ ਕੋਰਟ ਵਿੱਚ ਖਤਰਨਾਕ ਡਰਾਈਵਿੰਗ ਦੇ ਕਈ ਗੰਭੀਰ ਅਪਰਾਧਾਂ ਵਿੱਚ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 11 ਸਾਲ ਅਤੇ ਤਿੰਨ ਮਹੀਨੇ ਦੀ ਸਜ਼ਾ ਸੁਣਾਈ।

ਵੈਸਟ ਮਿਡਲੈਂਡਜ਼ ਪੁਲੀਸ ਮੁਤਾਬਕ 54 ਸਾਲਾ ਵਿਅਕਤੀ ਅਤੇ ਉਸਦੀ 47 ਸਾਲਾ ਪਤਨੀ ਫੁੱਟਪਾਥ ‘ਤੇ ਜਾ ਰਹੇ ਸਨ, ਜਦੋਂ ਅਚਾਨਕ ਅਟਵਾਲ ਦੀ ਕਾਰ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਟ੍ਰੈਫਿਕ ਵੱਲ ਮੁੜ ਗਈ ਅਤੇ ਫੁੱਟਪਾਥ ‘ਤੇ ਚੜ੍ਹ ਗਈ। ਦੋਵਾਂ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਗੱਡੀ ਦੀਆਂ ਬ੍ਰੇਕਾਂ ਲੱਗਣ ਦਾ ਕੋਈ ਸੰਕੇਤ ਨਹੀਂ ਮਿਲਿਆ ਅਤੇ ਉਹ ਇੱਕ ਖੜ੍ਹੀ ਕਾਰ ਨਾਲ ਜਾ ਟਕਰਾਈ। ਸੀਸੀਟੀਵੀ (CCTV) ਫੁਟੇਜ ਵਿੱਚ ਦੇਖਿਆ ਗਿਆ ਕਿ ਅਟਵਾਲ ਨੇ ਪਹਿਲਾਂ ਗੱਡੀ ਪਿੱਛੇ ਕੀਤੀ ਅਤੇ ਫਿਰ ਦੁਬਾਰਾ ਗੱਡੀ ਅੱਗੇ ਵਧਾ ਕੇ ਜ਼ਖਮੀ ਵਿਅਕਤੀ ਦੇ ਉੱਪਰੋਂ ਲੰਘਾਉਂਦੇ ਹੋਏ ਉੱਥੋਂ ਫਰਾਰ ਹੋ ਗਿਆ। ਪੁਲੀਸ ਨੇ ਅਟਵਾਲ ਦੀ ਇਸ ਹਰਕਤ ਨੂੰ ਬੇਹੱਦ ਬੇਰਹਿਮੀ ਵਾਲੀ ਅਤੇ ਅਣਮਨੁੱਖੀ ਕਰਾਰ ਦਿੱਤਾ ਹੈ। ਹਾਲਾਂਕਿ, ਜਾਂਚ ਤੋਂ ਬਾਅਦ ਅਟਵਾਲ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਸੀ।

ਅਦਾਲਤ ਵਿੱਚ ਅਟਵਾਲ ਨੇ ਖਤਰਨਾਕ ਡਰਾਈਵਿੰਗ ਕਾਰਨ ਮੌਤ ਅਤੇ ਗੰਭੀਰ ਸੱਟਾਂ ਪਹੁੰਚਾਉਣ, ਬਿਨਾਂ ਲਾਇਸੰਸ, ਬਿਨਾਂ ਬੀਮੇ ਅਤੇ ਅਯੋਗ ਹੋਣ ਦੇ ਬਾਵਜੂਦ ਗੱਡੀ ਚਲਾਉਣ ਦੇ ਨਾਲ-ਨਾਲ ਹਾਦਸੇ ਤੋਂ ਬਾਅਦ ਨਾ ਰੁਕਣ ਅਤੇ ਪੁਲੀਸ ਨੂੰ ਸੂਚਨਾ ਨਾ ਦੇਣ ਦੇ ਸਾਰੇ ਦੋਸ਼ ਕਬੂਲ ਕਰ ਲਏ। ਜੇਲ੍ਹ ਦੀ ਸਜ਼ਾ ਦੇ ਨਾਲ-ਨਾਲ ਉਸ ‘ਤੇ 20 ਸਾਲ ਲਈ ਡਰਾਈਵਿੰਗ ਕਰਨ ‘ਤੇ ਪਾਬੰਦੀ (ਡਿਸਕੁਆਲੀਫਾਈ) ਵੀ ਲਗਾਈ ਗਈ ਹੈ। ਇਸ ਦੌਰਾਨ ਪੀੜਤ ਮਹਿਲਾ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਉਸ ਦੇ ਪਤੀ ਹੀ ਉਸਦਾ ਮਾਨਸਿਕ ਸਹਾਰਾ ਅਤੇ ਤਾਕਤ ਸੀ ਜਿਸ ਦੇ ਜਾਣ ਨਾਲ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ ਅਤੇ ਉਸਦੀ ਆਪਣੀ ਸਿਹਤ ਅਤੇ ਬੱਚਿਆਂ ਦੀ ਜ਼ਿੰਦਗੀ ਹਮੇਸ਼ਾ ਲਈ ਬਰਬਾਦ ਹੋ ਗਈ ਹੈ।