latest news World

Trump Visa Policy: ਅਮਰੀਕੀ ਜੱਜ ਵੱਲੋਂ 75 ਦੇਸ਼ਾਂ ਦੇ ਵੀਜ਼ੇ ਮੁਅੱਤਲ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਨੀਤੀ ਰੱਦ

Trump Visa Policy: ਅਮਰੀਕੀ ਜੱਜ ਵੱਲੋਂ 75 ਦੇਸ਼ਾਂ ਦੇ ਵੀਜ਼ੇ ਮੁਅੱਤਲ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਨੀਤੀ ਰੱਦ
  • PublishedAugust 22, 2026

Trump Immigration Policy: ਨਿਊਯਾਰਕ ਦੇ ਇੱਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਉਸ ਨੀਤੀ ਨੂੰ ਰੱਦ ਕਰ ਦਿੱਤਾ ਹੈ ਜਿਸ ਤਹਿਤ 75 ਦੇਸ਼ਾਂ ਤੋਂ ਆਉਣ ਵਾਲੇ ਪਰਵਾਸੀਆਂ ਦੇ ਵੀਜ਼ਿਆਂ ਦੀ ਪ੍ਰਕਿਰਿਆ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਇਰਾਨ, ਰੂਸ ਅਤੇ ਸੋਮਾਲੀਆ ਸ਼ਾਮਲ ਸਨ, ਜਿਨ੍ਹਾਂ ਦੇ ਨਾਗਰਿਕਾਂ ਬਾਰੇ ਟਰੰਪ ਪ੍ਰਸ਼ਾਸਨ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਅਮਰੀਕਾ ਵਿੱਚ ਸਰਕਾਰੀ ਮਦਦ ਦੀ ਲੋੜ ਪੈ ਸਕਦੀ ਹੈ।

ਯੂ ਐੱਸ ਡਿਸਟ੍ਰਿਕਟ ਜੱਜ ਜੈਨੇਟ ਵਰਗਾਸ (ਸਾਬਕਾ ਰਾਸ਼ਟਰਪਤੀ ਜੋਇ ਬਾਇਡਨ ਵੱਲੋਂ ਨਿਯੁਕਤ) ਨੇ ਸ਼ੁੱਕਰਵਾਰ ਨੂੰ ਇਸ ਨੀਤੀ ਨੂੰ ਕਾਨੂੰਨ ਦੇ ਉਲਟ ਅਤੇ ਵਿਧਾਨਕ ਅਧਿਕਾਰਾਂ ਤੋਂ ਬਾਹਰ ਦੱਸਦਿਆਂ ਰੱਦ ਕਰ ਦਿੱਤਾ। ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅਜਿਹੀ ਨੀਤੀ ਬਣਾ ਕੇ ਆਪਣੇ ਅਧਿਕਾਰਾਂ ਦੀ ਹੱਦ ਟੱਪੀ ਹੈ ਜੋ ਇਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ (Immigration and Nationality Act) ਦੀ ਉਲੰਘਣਾ ਕਰਦੀ ਹੈ ਕਿਉਂਕਿ ਇਹ ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਯੋਗ ਬਿਨੈਕਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਦਾ ਹੁਕਮ ਦਿੰਦੀ ਹੈ।

ਜੱਜ ਨੇ ਕਿਹਾ ਕਿ ਇਹ ਨੀਤੀ ਕਾਂਗਰਸ ਦੇ ਉਸ ਨਿਯਮ ਨੂੰ ਵੀ ਕਮਜ਼ੋਰ ਕਰਦੀ ਹੈ ਜੋ ਕੌਂਸਲਰ ਅਧਿਕਾਰੀਆਂ ਨੂੰ ਕਿਸੇ ਵੀ ਵੀਜ਼ਾ ਫੈਸਲੇ ਵਿੱਚ ਸਭ ਤੋਂ ਅੱਗੇ ਰੱਖਦਾ ਹੈ। ਉਨ੍ਹਾਂ ਲਿਖਿਆ ਕਿ ਕਾਂਗਰਸ ਨੇ ਇਨ੍ਹਾਂ ਅਧਿਕਾਰੀਆਂ ਨੂੰ ਨਿਵੇਕਲੀ ਸ਼ਕਤੀ ਦਿੱਤੀ ਹੈ ਕਿ ਉਹ ਕਾਨੂੰਨ ਵਿੱਚ ਤੈਅ ਕੀਤੇ ਗਏ ਖਾਸ ਅਤੇ ਵਿਸਤ੍ਰਿਤ ਮਾਪਦੰਡਾਂ ਦੇ ਆਧਾਰ ’ਤੇ ਤੈਅ ਕਰਨ ਕਿ ਕੋਈ ਪਰਵਾਸੀ ਵੀਜ਼ੇ ਲਈ ਯੋਗ ਹੈ ਜਾਂ ਨਹੀਂ। ਅਰਜ਼ੀ ਦੇਣ ਵਾਲੇ ਦੀ ਕੌਮੀਅਤ ਦੇ ਆਧਾਰ ’ਤੇ ਵੀਜ਼ਾ ਜਾਰੀ ਕਰਨ ‘ਤੇ ਪਾਬੰਦੀ ਲਗਾਉਣਾ ਇਸ ਕਾਨੂੰਨੀ ਪ੍ਰਣਾਲੀ ਦੀ ਸਿੱਧੀ ਉਲੰਘਣਾ ਹੈ।