Thailand tragedy: Thailand ਵਿੱਚ ਭੇਤਭਰੇ ਹਾਲਾਤਾਂ ਵਿੱਚ ਭਾਰਤੀ ਸੈਲਾਨੀ ਦੀ ਮੌਤ
ਇੱਕ ਭਾਰਤੀ ਨਾਗਰਿਕ, ਜੋ ਉਨ੍ਹਾਂ ਚਾਰ ਸੈਲਾਨੀਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੂੰ ਥਾਈਲੈਂਡ ਦੇ ਫੁਕੇਟ ਵਿੱਚ ਇੱਕ ਕੈਫੇ ਵਿੱਚ ਰਹੱਸਮਈ ਢੰਗ ਨਾਲ ਬੇਹੋਸ਼ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਦੀ ਮੌਤ ਹੋ ਗਈ ਹੈ। ਇੱਥੇ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤ ਤੁਰੰਤ ਸਪੱਸ਼ਟ ਨਹੀਂ ਹੋ ਸਕੇ ਹਨ।
ਦੂਤਾਵਾਸ ਨੇ ਕਿਹਾ ਕਿ ਉਹ ਥਾਈ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਉਸ ਘਟਨਾ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਜਿਸ ਵਿੱਚ 9 ਮਈ ਨੂੰ ਫੁਕੇਟ ਵਿੱਚ ਚਾਰ ਭਾਰਤੀ ਸੈਲਾਨੀ ਬੇਹੋਸ਼ ਹੋ ਗਏ ਸਨ ਅਤੇ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸਨ।
ਭਾਰਤੀ ਮਿਸ਼ਨ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ, “ਉਨ੍ਹਾਂ ਵਿੱਚੋਂ ਇੱਕ ਨੌਜਵਾਨ ਭਾਰਤੀ ਸੈਲਾਨੀ ਦੀ ਮੌਤ ‘ਤੇ ਸਾਡੀ ਡੂੰਘੀ ਸੰਵੇਦਨਾ।”
ਦੂਤਾਵਾਸ ਦੇ ਅਧਿਕਾਰੀ ਦੁਖ ਦੀ ਇਸ ਘੜੀ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ, “ਅਸੀਂ ਸਬੰਧਿਤ ਥਾਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ ਜੋ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਦੂਜਿਆਂ ਦੀ ਸਿਹਤ ਸਥਿਤੀ ‘ਤੇ ਵੀ ਨਜ਼ਰ ਰੱਖ ਰਹੇ ਹਾਂ।”
ਦੂਤਾਵਾਸ ਨੇ ਹੋਰ ਵੇਰਵੇ ਨਹੀਂ ਦਿੱਤੇ। ਥਾਈ ਮੀਡੀਆ ਦੇ ਅਨੁਸਾਰ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਤੜਕੇ ਕਾਥੂ ਜ਼ਿਲ੍ਹੇ ਦੇ ਕਮਲਾ ਬੀਚ ਖੇਤਰ ਵਿੱਚ ਵਾਪਰੀ। ਕੈਫੇ ਦੇ ਸੁਰੱਖਿਆ ਸਟਾਫ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 11 ਵਜੇ ਪੰਜ ਭਾਰਤੀ ਇਕੱਠੇ ਕੈਫੇ ਪਹੁੰਚੇ ਸਨ। ਬੈਂਕਾਕ ਪੋਸਟ ਦੀ ਰਿਪੋਰਟ ਅਨੁਸਾਰ, ਰਾਤ ਕਰੀਬ 1.54 ਵਜੇ, ਉਨ੍ਹਾਂ ਵਿੱਚੋਂ ਚਾਰ ਕਥਿਤ ਤੌਰ ‘ਤੇ ਇੱਕ-ਇੱਕ ਕਰਕੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਅਖਬਾਰ ਨੇ ਅੱਗੇ ਕਿਹਾ ਕਿ ਸ਼ਨਿੱਚਰਵਾਰ ਦੁਪਹਿਰ ਕਰੀਬ 2 ਵਜੇ ਪੁਲੀਸ ਨੂੰ ਸੂਚਨਾ ਦਿੱਤੀ ਗਈ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਬਾਕੀ ਤਿੰਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।