ਜਥੇਦਾਰ ਗੜਗੱਜ ਨੇ 14 ਜੁਲਾਈ ਨੂੰ ਹਰੀਕੇ ਪੱਤਣ ਵਿਖੇ ਸ਼ਰਧਾਂਜਲੀ ਸਮਾਗਮ ਵਿੱਚ ਸੰਗਤਾਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ, ਸ਼ਹੀਦ ਸਿੱਖਾਂ ਦੇ ਪਰਿਵਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਹੋਰ ਸਾਰੇ ਲੋਕਾਂ ਨੂੰ 14 ਜੁਲਾਈ ਨੂੰ ਹਰੀਕੇ ਪੱਤਣ ਵਿਖੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਜਥੇਦਾਰ ਗੜਗੱਜ ਇਸ ਵੇਲੇ ਹਾਂਗਕਾਂਗ ਦੌਰੇ ‘ਤੇ ਹਨ। ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਸਿੱਖ ਸ਼ਹੀਦਾਂ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਹਰੀਕੇ ਪੱਤਣ ਵਿਖੇ 14 ਜੁਲਾਈ ਨੂੰ ਸ਼ਾਮ 6 ਵਜੇ ਅਰਦਾਸ ਸਮਾਗਮ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 1980 ਤੋਂ 2000 ਦੇ ਦੋ ਦਹਾਕਿਆਂ ਦੌਰਾਨ ਪੰਜਾਬ ਵਿੱਚ ਵੱਡੇ ਪੱਧਰ ‘ਤੇ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਸੀ, ਜਿਸ ਦੀ ਜਾਂਚ ਸੀ ਬੀ ਆਈ (CBI) ਵੱਲੋਂ ਕੀਤੀ ਗਈ ਅਤੇ ਇਸ ਜਾਂਚ ਦੇ ਅਧਾਰ ‘ਤੇ ਕਈ ਪੁਲੀਸ ਵਾਲਿਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਉਸ ਵੇਲੇ ਜਸਵੰਤ ਸਿੰਘ ਖਾਲੜਾ ਵੱਲੋਂ ਸਿੱਖਾਂ ਦੇ ਕਤਲ ਮਗਰੋਂ ਲਾਵਾਰਿਸ ਦੱਸ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜੇ ਜਾਣ ਦਾ ਮਾਮਲਾ ਉਭਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੀਆਂ ਲਾਸ਼ਾਂ ਦਾ ਪਤਾ ਲਾਇਆ ਸੀ, ਜਿਨ੍ਹਾਂ ਨੂੰ ਵਾਰਸ ਹੋਣ ਦੇ ਬਾਵਜੂਦ ਲਾਵਾਰਿਸ ਦੱਸ ਕੇ ਸਾੜਿਆ ਗਿਆ ਸੀ। ਇਸ ਤੋਂ ਇਲਾਵਾ ਕਈ ਲਾਸ਼ਾਂ ਨੂੰ ਹਰੀਕੇ ਪੱਤਣ ਵਿਖੇ ਦਰਿਆ-ਬੁਰਦ ਕਰ ਦਿੱਤਾ ਗਿਆ ਸੀ।