Sidhu Moosewala Case: ਸਬੂਤਾਂ ਦੀ ਘਾਟ ਕਾਰਨ ਜੀਵਨਜੋਤ ਨੂੰ ਬੇਗੁਨਾਹ ਐਲਾਨਿਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਪੇਸ਼ੀ ਦੌਰਾਨ 11 ਗਵਾਹਾਂ ਨੂੰ ਗਵਾਹੀ ਦੇਣ ਲਈ ਤਲਬ ਕੀਤਾ ਗਿਆ ਸੀ ਪ੍ਰੰਤੂ ਤਿੰਨ ਜਣਿਆਂ ਦੀ ਗਵਾਹੀ ਹੋਈ ਹੈ, ਜਦੋਂ ਕਿ ਸਿੱਧੂ ਮੂਸੇਵਾਲਾ ਪੱਖ ਵੱਲੋਂ ਪੁਲੀਸ ਤੋਂ ਕੁੱਝ ਵਿਅਕਤੀ ਦੀ ਸਟੇਟਸ ਰਿਪੋਰਟ ਵੀ ਮੰਗੀ ਗਈ। ਸੁਣਵਾਈ ਦੌਰਾਨ ਨਾਮਜ਼ਦ ਜੀਵਨਜੋਤ ਜਗਨੂੰ ਨੂੰ ਸਬੂਤਾਂ ਦੀ ਘਾਟ ਕਾਰਨ ਬੇਗੁਨਾਹ ਐਲਾਨਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਏ.ਜੀ.ਟੀ.ਐਫ ਦੇ ਕੁਲਵਿੰਦਰ ਸਿੰਘ ਅਤੇ ਕਰੋਲਾ ਗੱਡੀ ਦੀ ਮਾਲਕੀਅਤ ਦੇ ਸਬੰਧ ਵਿੱਚ ਯੋਗੇਸ਼ ਦਿੱਲੀ ਦੀ ਗਵਾਹੀ ਅਦਾਲਤ ਵਿੱਚ ਹੋਈ, ਜਦੋਂ ਕਿ ਪੁਲੀਸ ਅਧਿਕਾਰੀ ਗੁਰਲਾਲ ਸਿੰਘ ਦੀ ਗਵਾਹੀ ਹਾਲੇ ਸ਼ੁਰੂ ਹੋਈ ਹੈ। ਅਦਾਲਤ ਵੱਲੋਂ ਅਗਲੀ ਪੇਸ਼ੀ 22 ਮਈ ਨੂੰ ਮੁਕੱਰਰ ਹੋਈ ਹੈ।
ਐਡਵੋਕੇਟ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੀ ਸੁਣਵਾਈ ਦੌਰਾਨ ਚਾਰ ਕਸੂਰਵਾਰਾਂ ਜੀਵਨਜੋਤ ਜਗਨੂੰ, ਕੰਵਰ ਗਰੇਵਾਲ, ਜੋਤੀ ਪੰਧੇਰ ਅਤੇ ਅਵਤਾਰ ਸਿੰਘ ਦੀ ਸਟੇਟਸ ਰਿਪੋਰਟ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਇਸ ’ਤੇ ਕਾਰਵਾਈ ਕਰਦੇ ਅਦਾਲਤ ਵਿੱਚ ਇਹ ਰਿਪੋਰਟਾਂ ਦਾਖ਼ਲ ਕੀਤੀਆਂ। ਪੁਲੀਸ ਦਾਖ਼ਲ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਾਮਜ਼ਦ ਜੀਵਨਜੋਤ ਜਗਨੂੰ ਨੂੰ ਸਬੂਤਾਂ ਦੀ ਘਾਟ ਕਾਰਨ ਬੇਗੁਨਾਹ ਐਲਾਨਿਆ ਗਿਆ ਹੈ।
ਇਸੇ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਅਦਾਲਤ ਵਿੱਚ ਮੌਜੂਦ ਸਨ ਅਤੇ ਅਦਾਲਤ ਵੱਲੋਂ ਅਗਲੀ ਸੁਣਵਾਈ ਲਈ 22 ਮਈ ਨਿਰਧਾਰਿਤ ਕੀਤੀ ਗਈ ਹੈ।