latest news Punjab

Sajjan Kumar ਨੇ ਸਿੱਖਾਂ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ: Charanjit Singh Channi

Sajjan Kumar ਨੇ ਸਿੱਖਾਂ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ: Charanjit Singh Channi
  • PublishedAugust 22, 2026

Punjab Congress Sajjan Kumar: ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਹਰਿਆਣਾ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਉਸ ਬਿਆਨ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ ਜਿਸ ਵਿੱਚ ਉਨ੍ਹਾਂ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਮੌਤ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਅਤੇ ਵੀਡੀਓ ਸਾਂਝੀ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਵਿਰੋਧ ਪ੍ਰਗਟ ਕੀਤਾ।

ਚੰਨੀ ਨੇ ਦੋਸ਼ ਲਾਇਆ ਕਿ ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਅਤੇ ਗੱਦਾਰ ਸੀ ਜਿਸ ਨੇ ਸਿੱਖਾਂ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ ਸੀ। ਚੰਨੀ ਨੇ ਇੱਥੋਂ ਤੱਕ ਕਿਹਾ ਕਿ ਅਜਿਹੇ ਵਿਅਕਤੀ ਦਾ ਨਾਮ ਲੈਣਾ ਵੀ ਪਾਪ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਤ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਸ ਵਿਅਕਤੀ ਨੇ ਪੂਰੀ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।

ਸਿੱਖ ਭਾਈਚਾਰਾ ਚੰਨੀ ਨੂੰ ਕਦੇ ਮੁਆਫ ਨਹੀਂ ਕਰੇਗਾ

ਚੰਨੀ ਨੇ ਇੱਥੋਂ ਤਕ ਕਿਹਾ ਕਿ ਉਸ ਨੂੰ ਜਨਤਕ ਤੌਰ ’ਤੇ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਸੀ। ਸਜ਼ਾ ਕੱਟਦਿਆਂ ਹੋਇਆਂ ਜੇਲ੍ਹ ਵਿੱਚ ਹੀ ਉਸ ਦੀ ਮੌਤ ਹੋ ਗਈ। ਜੇਕਰ ਕੋਈ ਵਿਅਕਤੀ ਉਸ ਨੂੰ ‘ਰੋਲ ਮਾਡਲ’ ਕਹਿੰਦਾ ਹੈ, ਤਾਂ ਉਸ ਨੂੰ ਸੰਭਲ ਜਾਣਾ ਚਾਹੀਦਾ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਹਿ ਰਿਹਾ ਹੈ।

ਚੰਨੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਸਿੱਖ ਭਾਈਚਾਰੇ ਨਾਲ ਹੀ ਸਬੰਧਤ ਨਹੀਂ ਹੈ, ਸਗੋਂ ਇਸ ਵਿਅਕਤੀ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਸਿੱਖ ਭਾਈਚਾਰਾ, ਪੰਜਾਬੀ ਅਤੇ ਦੇਸ਼ ਸੱਜਣ ਕੁਮਾਰ ਨੂੰ ਕਿਵੇਂ ਮੁਆਫ਼ ਕਰ ਸਕਦੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਕੀਤਾ ਕਿ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਜੋ ਵੀ ਕਿਹਾ ਹੈ, ਉਹ ਉਨ੍ਹਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਵਿਵਾਦਤ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ, ਦੀ ਵੀਰਵਾਰ ਨੂੰ 80 ਸਾਲ ਦੀ ਉਮਰ ਵਿੱਚ ਜੇਲ੍ਹ ਵਿੱਚ ਮੌਤ ਹੋ ਗਈ ਸੀ। ਰਾਜਾ ਵੜਿੰਗ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗੇ ਇੱਕ ਬਹੁਤ ਵੱਡਾ ਦੁਖਾਂਤ ਸਨ ਅਤੇ ਇਸ ਦੇ ਜ਼ਖ਼ਮ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਲੋਕਾਂ ਦੇ ਮਨਾਂ ਵਿੱਚ ਇਸ ਦਾ ਦਰਦ ਬਹੁਤ ਡੂੰਘਾ ਹੈ ਅਤੇ ਕਾਂਗਰਸ ਪਾਰਟੀ ਹਮੇਸ਼ਾ 1984 ਦੇ ਦੁਖਾਂਤ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੀ ਰਹੀ ਹੈ।

ਦੀਪੇਂਦਰ ਹੁੱਡਾ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ: ‘ਆਪ’

ਦੂਜੇ ਪਾਸੇ, ਆਮ ਆਦਮੀ ਪਾਰਟੀ (AAP) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੁੱਦੇ ‘ਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ 1984 ਦੇ ਕਤਲੇਆਮ ਦੇ ਜ਼ਖ਼ਮ ਅਜੇ ਵੀ ਹਰੇ ਹਨ ਅਤੇ ਅਜਿਹੇ ਸਮੇਂ ਵਿੱਚ ਕਤਲੇਆਮ ਨਾਲ ਜੁੜੇ ਵਿਅਕਤੀ ਨੂੰ ‘ਆਦਰਸ਼’ ਕਹਿਣਾ ਪੂਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦਾ ਹੈ। ਧਾਲੀਵਾਲ ਨੇ ਸਵਾਲ ਕੀਤਾ ਕਿ ਜੇਕਰ ਕਾਂਗਰਸ ਦਾ ਕੋਈ ਸੀਨੀਅਰ ਨੇਤਾ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਕਹਿੰਦਾ ਹੈ ਤਾਂ ਇਹ ਕਾਂਗਰਸ ਪਾਰਟੀ ਦੀ ਮਾਨਸਿਕਤਾ ਅਤੇ ਰਾਜਨੀਤੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਖਾਸ ਕਰਕੇ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਮਲਿਕਾਰਜੁਨ ਖੜਗੇ ਤੋਂ ਮੰਗ ਕੀਤੀ ਕਿ ਉਹ ਇਸ ਬਿਆਨ ‘ਤੇ ਤੁਰੰਤ ਕਾਰਵਾਈ ਕਰਨ ਅਤੇ ਦੀਪੇਂਦਰ ਹੁੱਡਾ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ।