Punjab RTI activist murder: ਗੋਲ਼ੀਆਂ ਮਾਰ ਕਤਲ ਕੀਤੇ RTI ਐਕਟੀਵਿਸਟ ਸਿਮਰਨਜੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
ਗੋਲ਼ੀਆਂ ਮਾਰ ਕੇ ਕਤਲ ਕੀਤੇ ਜਲੰਧਰ ਦੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦਾ ਅੱਜ ਅੰਤਿਮ ਸੰਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਗਿਆ। ਡਾਕਟਰਾਂ ਦੇ ਬੋਰਡ ਆਰ. ਟੀ. ਆਈ. ਸਿਮਰਨਜੀਤ ਸਿੰਘ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਸ ਨੇ ਉਸ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਦੁਪਹਿਰ ਬਾਅਦ ਹਰਨਾਮ ਦਾਸ ਪੁਰਾ ਸ਼ਮਸ਼ਾਨਘਾਟ ਵਿੱਚ ਸਿਮਰਨਜੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਸਿਮਰਨਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਸ਼ਮਸ਼ਾਨਘਾਟ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ, ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਅਤੇ ਸਿਮਰਨਜੀਤ ਸਿੰਘ ਦੇ ਜਾਣਕਾਰ ਸ਼ਾਮਲ ਹੋਏ। ਮੌਜੂਦ ਲੋਕਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਦੁੱਖ਼ ਦੀ ਇਸ ਘੜੀ ਵਿੱਚ ਉਨ੍ਹਾਂ ਦਾ ਸਮਰਥਨ ਦਾ ਭਰੋਸਾ ਦਿੱਤਾ।
ਆਰ. ਟੀ. ਆਈ. ਕਾਰਕੁੰਨ ਸਿਮਰਨਜੀਤ ਸਿੰਘ ਨੂੰ ਫਗਵਾੜਾ ਵਿਖੇ ਐੱਲ. ਪੀ. ਯੂ. ਦੇ ਬਾਹਰ ਲਾਅ ਗੇਟ ਨੇੜੇ ਉਸ ਦੇ ਮਾਮੇ ਦੇ ਪੁੱਤਰ ਨੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਬਾਅਦ ਵਿੱਚ ਪੁਲਸ ਨੇ ਦੋਸ਼ੀ ਸ਼ਰਨਜੀਤ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ਰਨਜੀਤ ਮ੍ਰਿਤਕ ਆਰ. ਟੀ. ਆਈ. ਕਾਰਕੁੰਨ ਸਿਮਰਨਜੀਤ ਸਿੰਘ ਦੇ ਮਾਮੇ ਦਾ ਮੁੰਡਾ ਸੀ। ਪਲਾਟ ਦੇ ਨਿਰੀਖਣ ਦੌਰਾਨ ਵਿੱਤੀ ਵਿਵਾਦ ਨੂੰ ਲੈ ਕੇ ਤਣਾਅਪੂਰਨ ਮਾਹੌਲ ਪੈਦਾ ਹੋਇਆ ਸੀ ਤਾਂ ਇਸ ਦੌਰਾਨ ਦੋਸ਼ੀ ਨੇ ਦੋ ਗੋਲ਼ੀਆਂ ਚਲਾ ਕੇ ਸਿਮਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ।