Punjab law and order: ‘ਸਾਨੂੰ ਕੋਈ ਖ਼ਤਰਾ ਨਹੀਂ, ਗੰਨਮੈਨਾਂ ਨੂੰ ਥਾਣੇ ਭੇਜੋ..’; ਰਾਜ ਸਭਾ ਮੈਂਬਰ ਸੀਚੇਵਾਲ ਵੱਲੋਂ ਡੀਜੀਪੀ ਨੂੰ ਪੱਤਰ
Punjab law and order: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਡੀ.ਜੀ.ਪੀ. (DGP) ਨੂੰ ਲਿਖੇ ਪੱਤਰ ਵਿੱਚ ਰਾਜ ਸਭਾ ਮੈਂਬਰ ਸੀਚੇਵਾਲ ਨੇ ਆਪਣੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਜਵਾਨਾਂ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ। ਜਿੱਥੇ ਅਕਸਰ ਪੰਜਾਬ ਵਿੱਚ ਸਿਆਸੀ ਲੋਕ ਸੁਰੱਖਿਆ ਗਾਰਡ ਲੈਣ ਲਈ ਤਰਲੋਮੱਛੀ ਰਹਿੰਦੇ ਹਨ, ਉੱਥੇ ਇਸ ਸਿਆਸੀ ਆਗੂ ਨੇ ਸਵੈ-ਇੱਛਾ ਨਾਲ ਸੁਰੱਖਿਆ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਸੰਤ ਸੀਚੇਵਾਲ ਨੇ ਜਿੱਥੇ ਸੁਰੱਖਿਆ ਵਾਪਸੀ ਦਾ ਫ਼ੈਸਲਾ ਲਿਆ ਹੈ, ਉੱਥੇ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਰਾਜ ਸਭਾ ਮੈਂਬਰ ਨੇ ਲਿਖਿਆ ਹੈ ਕਿ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਇਲਾਕੇ ਅਤੇ ਸੁਲਤਾਨਪੁਰ ਲੋਧੀ ਪਵਿੱਤਰ ਵੇਈਂ ਦੇ ਕਿਨਾਰੇ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਉਹ ਸੁਰੱਖਿਆ ਵਾਪਸ ਕਰਨੀ ਚਾਹੁੰਦੇ ਹਨ। ਦੱਸਣਯੋਗ ਹੈ ਕਿ ਸੀਚੇਵਾਲ ਦੇ ਨਾਲ ਛੇ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਹੈ ਅਤੇ ਸ਼ੁਰੂ ਵਿੱਚ ਵੀ ਉਨ੍ਹਾਂ ਨੇ ਸੁਰੱਖਿਆ ਗਾਰਡ ਲੈਣ ਤੋਂ ਇਨਕਾਰ ਕੀਤਾ ਸੀ।
ਸੰਤ ਸੀਚੇਵਾਲ ਨੇ ਡੀ.ਜੀ.ਪੀ. ਨੂੰ ਲਿਖੇ ਪੱਤਰ ਵਿੱਚ ਕਿਹਾ ਹੈ, “ਸਾਨੂੰ ਤਾਂ ਕੋਈ ਖ਼ਤਰਾ ਨਹੀਂ ਹੈ, ਪਰ ਇਸ ਦੇ ਬਾਵਜੂਦ ਸੁਰੱਖਿਆ ਦੇ ਦਿੱਤੀ ਗਈ। ਸਾਡੇ ਨਾਲੋਂ ਆਮ ਲੋਕਾਂ ਨੂੰ ਸੁਰੱਖਿਆ ਦੀ ਜ਼ਿਆਦਾ ਲੋੜ ਹੈ।” ਉਨ੍ਹਾਂ ਮਸ਼ਵਰਾ ਦਿੱਤਾ ਕਿ ਉਨ੍ਹਾਂ ਨਾਲ ਤਾਇਨਾਤ ਛੇ ਸੁਰੱਖਿਆ ਮੁਲਾਜ਼ਮਾਂ ਵਿੱਚੋਂ ਤਿੰਨ ਸੁਰੱਖਿਆ ਮੁਲਾਜ਼ਮ ਥਾਣਾ ਲੋਹੀਆਂ ਖ਼ਾਸ ਅਤੇ ਤਿੰਨ ਮੁਲਾਜ਼ਮਾਂ ਦੀ ਤਾਇਨਾਤੀ ਥਾਣਾ ਸੁਲਤਾਨਪੁਰ ਲੋਧੀ ਵਿੱਚ ਕੀਤੀ ਜਾਵੇ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਦੀ ਲੋੜ ਲੋਕਾਂ ਦੀ ਹਿਫ਼ਾਜ਼ਤ ਲਈ ਥਾਣਿਆਂ ਵਿੱਚ ਵਧੇਰੇ ਹੈ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਉਪਰੋਕਤ ਇਲਾਕਿਆਂ ਵਿੱਚ ਚੋਰੀ, ਲੁੱਟਾਂ-ਖੋਹਾਂ ਅਤੇ ਨਸ਼ਿਆਂ ਦੀਆਂ ਵੱਧ ਰਹੀਆਂ ਵਾਰਦਾਤਾਂ ਚਿੰਤਾਜਨਕ ਹਨ। ਸੀਚੇਵਾਲ ਨੇ ਮਲਸੀਆਂ ਪੁਲੀਸ ਚੌਕੀ ਵਿੱਚ ਜਵਾਨਾਂ ਦੀ ਨਫ਼ਰੀ ਘੱਟ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਲਾਕੇ ਵਿੱਚ ਅਪਰਾਧ ਵਧਣ ਕਰਕੇ ਲੋਕ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਪਿੰਡ ਸੀਚੇਵਾਲ ਵਿੱਚ ਇੱਕ ਰਾਤ ਵਿੱਚ ਹੀ ਚੋਰੀ ਦੀਆਂ 8 ਵਾਰਦਾਤਾਂ ਹੋ ਗਈਆਂ ਹਨ। ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਵਰਤਾਰਾ ਆਮ ਹੈ।
ਸੀਚੇਵਾਲ ਨੇ ਪੱਤਰ ਵਿੱਚ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ-ਛੋਹ ਪ੍ਰਾਪਤ ਅਸਥਾਨ ਪਵਿੱਤਰ ਵੇਈਂ ਵਿਖੇ ਆਉਣ ਵਾਲੀ ਸੰਗਤ ਵਿੱਚ ਅਪਰਾਧਿਕ ਵਾਰਦਾਤਾਂ ਕਾਰਨ ਡਰ ਤੇ ਸਹਿਮ ਦਾ ਮਾਹੌਲ ਹੈ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਨਾਲੋਂ ਆਮ ਲੋਕਾਂ ਦੀ ਸੁਰੱਖਿਆ ਅਹਿਮ ਹੈ।