Punjab Congress protest: ਸਫ਼ਾਈ ਸੇਵਕਾਂ ‘ਤੇ ਲਾਠੀਚਾਰਜ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਕਾਂਗਰਸ ਸੰਸਦ ਮੈਂਬਰਾਂ ਦਾ ਰੋਸ ਪ੍ਰਦਰਸ਼ਨ
ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ‘ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ‘ਚ ਅੱਜ ਸੰਸਦ ਭਵਨ ਦੇ ਬਾਹਰ ਕਾਂਗਰਸ ਸੰਸਦ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਰਾਜਾ ਵੜਿੰਗ, ਗੁਰਜੀਤ ਔਜਲਾ, ਡਾ. ਅਮਰ ਸਿੰਘ ਸ਼ਾਮਲ ਸਨ। ਇਸ ਪ੍ਰਦਰਸ਼ਨ ਦੌਰਾਨ ਸੰਸਦ ਮੈਂਬਰਾਂ ਨੇ ਸਰਕਾਰ ‘ਤੇ ਲੋਕਤੰਤਰ ਦਾ ਗਲਾ ਘੁੱਟਣ ਦੇ ਦੋਸ਼ ਲਾਉਂਦੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਉੱਠਣ ਵਾਲੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਪਹਿਲਾਂ ਪਟਿਆਲਾ ‘ਚ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ, ਫਿਰ ਖੰਨਾ ‘ਚ ਮਨਰੇਗਾ ਮੁਲਾਜ਼ਮਾਂ ਅਤੇ ਹੁਣ ਬਰਨਾਲਾ ‘ਚ ਸਫ਼ਾਈ ਸੇਵਕਾਂ ‘ਤੇ ਹੋਏ ਬੇਰਹਿਮ ਲਾਠੀਚਾਰਜ ਨੇ ਸਰਕਾਰ ਦੇ ਅਕਸ ਨੂੰ ਲੋਕ ਵਿਰੋਧੀ ਸਾਬਤ ਕੀਤਾ ਹੈ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਸੂਬੇ ਵਿੱਚ ਸੁਚੱਜੇ ਢੰਗ ਨਾਲ ਸ਼ਾਸਨ ਚਲਾਉਣ ਦੇ ਪੂਰੀ ਤਰ੍ਹਾਂ ਅਸਮਰੱਥ ਸਾਬਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਆਪਣੀਆਂ ਨਾਕਾਮੀਆਂ ਸਵੀਕਾਰ ਕਰਦਿਆਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਮੌਕੇ ਇਹ ਸਪੱਸ਼ਟ ਕੀਤਾ ਗਿਆ ਕਿ ਲੋਕਤੰਤਰ ਵਿੱਚ ਆਪਣੇ ਹੱਕਾਂ ਦੀ ਮੰਗ ਕਰਨਾ ਕੋਈ ਜੁਰਮ ਨਹੀਂ ਹੈ। ਪੰਜਾਬ ਦੇ ਲੋਕ ਡੰਡਿਆਂ ਦੇ ਨਹੀਂ, ਸਗੋਂ ਇਨਸਾਫ਼ ਦੇ ਹੱਕਦਾਰ ਹਨ ਅਤੇ ਸਰਕਾਰ ਨੂੰ ਜ਼ੁਲਮ ਦੀ ਨੀਤੀ ਤਿਆਗਣੀ ਚਾਹੀਦੀ ਹੈ।