latest news Punjab

Punjab blast: ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

  • PublishedApril 28, 2026

ਸ਼ੰਭੂ-ਅੰਬਾਲਾ ਰੇਲ ਮਾਰਗ  ‘ਤੇ ਹੋਏ ਧਮਾਕੇ ਦੇ ਮਾਮਲੇ ਵਿਚ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਪੁਲਸ ਨੇ ਪ੍ਰੋ-ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਨੈੱਟਵਰਕ ਮਲੇਸ਼ੀਆ ਵਿਚ ਬੈਠੇ ਹੈਂਡਲਰਾਂ ਰਾਹੀਂ ਚਲਾਇਆ ਜਾ ਰਿਹਾ ਸੀ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਪਰਦੀਪ ਸਿੰਘ ਖਾਲਸਾ (ਮੁੱਖ ਸਰਗਨਾ), ਕੁਲਵਿੰਦਰ ਸਿੰਘ ਬੰਗਾ, ਗੁਰਪ੍ਰੀਤ ਸਿੰਘ ਗੋਪੀ ਅਤੇ ਸਤਨਾਮ ਸਿੰਘ ਸੱਤਾ ਸ਼ਾਮਲ ਹਨ। ਮੁੱਖ ਮੁਲਜ਼ਮ ਪਰਦੀਪ ਸਿੰਘ ਖਾਲਸਾ ‘ਤੇ ਪਹਿਲਾਂ ਵੀ 4-5 ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਨੇ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਅਸਲਾ, ਬੰਬ, ਦੋ ਪਿਸਟਲ ਅਤੇ ਆਈ.ਈ.ਡੀ. ਬਣਾਉਣ ਵਾਲਾ ਸਾਮਾਨ ਬਰਾਮਦ ਕੀਤਾ ਹੈ।

ਧਮਾਕੇ ਦੀ ਜਾਂਚ ਵਿੱਚ ਹੋਏ ਖੁਲਾਸੇ

ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਬੀਤੇ ਦਿਨੀਂ ਹੋਇਆ ਧਮਾਕਾ ਆਰ.ਡੀ.ਐਕਸ ਦੀ ਮਿਸ-ਹੈਂਡਲਿੰਗ ਕਾਰਨ ਹੋਇਆ ਸੀ। ਇਸ ਧਮਾਕੇ ਵਿਚ ਜਗਰੂਪ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਰੇਲਵੇ ਟ੍ਰੈਕ ਤੋਂ ਲਗਭਗ 200 ਮੀਟਰ ਦੂਰ ਮਿਲੀ ਸੀ। ਜਗਰੂਪ ਸਿੰਘ ਜੋ ਕਿ ਦੋ ਬੱਚਿਆਂ ਦਾ ਪਿਤਾ ਸੀ ਅਤੇ ਆਟਾ ਚੱਕੀ ਦਾ ਕੰਮ ਕਰਦਾ ਸੀ, ਸਾਲ 2019 ਵਿਚ ਉਹ ਮਲੇਸ਼ੀਆ ਗਿਆ ਸੀ, ਜਿੱਥੇ ਉਹ ਇਨ੍ਹਾਂ ਹੈਂਡਲਰਾਂ ਦੇ ਸੰਪਰਕ ਵਿਚ ਆਇਆ ਸੀ। ਡੀ.ਆਈ.ਜੀ. ਚਾਹਲ ਨੇ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਅਨਸਰਾਂ ਦੇ ਬਹਿਕਾਵੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਹੈਂਡਲਰ ਖੁਦ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਵਧੀਆ ਪੜ੍ਹਾਈਆਂ ਕਰ ਰਹੇ ਹਨ, ਜਦਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹ ਪਾ ਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਰਹੇ ਹਨ।