Punjab Anti-Sacrilege Bill: ਬਹਿਬਲ ਕਲਾਂ ਪੁਲੀਸ ਗੋਲੀਬਾਰੀ ਦੇ ਪੀੜਤ ਦੇ ਪੁੱਤਰ ਵੱਲੋਂ ਬੇਅਦਬੀ ਵਿਰੋਧੀ ਬਿੱਲ ਦੀ ਹਮਾਇਤ
ਬਹਿਬਲ ਕਲਾਂ ਇਨਸਾਫ਼ ਮੋਰਚੇ ਵਿਚ ਸ਼ਾਮਲ ਅਤੇ 2015 ਪੁਲੀਸ ਗੋਲੀਬਾਰੀ ਦੇ ਪੀੜਤ ਭਾਈ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਨਵੇਂ ਬੇਅਦਬੀ ਵਿਰੋਧੀ ਬਿੱਲ ਦੇ ਸਮਰਥਨ ਵਿੱਚ ਅੱਗੇ ਆਏ ਹਨ।
‘ਦਿ ਟ੍ਰਿਬਿਊਨ’ ਸਮੂਹ ਨਾਲ ਗੱਲਬਾਤ ਕਰਦਿਆਂ ਨਿਆਮੀਵਾਲਾ ਨੇ ਕਿਹਾ ਕਿ ਬਿੱਲ ਦੇ ਤੱਥਾਂ ਨੂੰ ਚੰਗੀ ਤਰ੍ਹਾਂ ਪੜ੍ਹੇ ਜਾਂ ਸਮਝੇ ਬਿਨਾਂ ਇਸ ਨੂੰ ਸਿੱਧੇ ਤੌਰ ‘ਤੇ ਰੱਦ ਕਰਨਾ ਬਿਲਕੁਲ ਗਲਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਵੱਡਾ ਅਤੇ ਅਹਿਮ ਕਦਮ ਚੁੱਕਿਆ ਹੈ। ਨਿਆਮੀਵਾਲਾ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਨਕਾਰਨ ਦੀ ਬਜਾਏ ਇੱਕ ਸਹਿਯੋਗਾਤਮਕ ਪਹੁੰਚ ਅਪਣਾਉਣ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿੱਲ ਵਿੱਚ ਕੋਈ ਕਮੀਆਂ ਜਾਂ ਚਿੰਤਾ ਵਾਲੇ ਖੇਤਰ ਹਨ ਤਾਂ ਸਬੰਧਤ ਧਿਰਾਂ ਨੂੰ ਉਨ੍ਹਾਂ ਨੂੰ ਦੂਰ ਕਰਨ ਲਈ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਬਿੱਲ ਦੇ ਮੁੱਖ ਮਕਸਦ ਦਾ ਸਮਰਥਨ ਕਰਦੇ ਹੋਏ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਲਚਕੀਲਾ ਰੁਖ਼ ਰੱਖਣਾ ਚਾਹੀਦਾ ਹੈ। ਜੇਕਰ ਕੁਝ ਧਾਰਾਵਾਂ ਵਿੱਚ ਸੁਧਾਰ ਜਾਂ ਹੋਰ ਸਪਸ਼ਟਤਾ ਦੀ ਲੋੜ ਹੈ ਤਾਂ ਸਰਕਾਰ ਨੂੰ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਨੁਕਸ ਰਹਿਤ ਬਣਾਉਣ ਲਈ ਛੋਟੀਆਂ-ਮੋਟੀਆਂ ਸੋਧਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ।