latest news Punjab

Punjab: 454 ਫਾਰਮਾਸਿਸਟ ਅਸਾਮੀਆਂ ਦੀ ਭਰਤੀ ’ਤੇ ਹਾਈਕੋਰਟ ਵੱਲੋਂ ਰੋਕ, ਅਗਲੀ ਸੁਣਵਾਈ 17 ਸਤੰਬਰ ਨੂੰ

Punjab: 454 ਫਾਰਮਾਸਿਸਟ ਅਸਾਮੀਆਂ ਦੀ ਭਰਤੀ ’ਤੇ ਹਾਈਕੋਰਟ ਵੱਲੋਂ ਰੋਕ, ਅਗਲੀ ਸੁਣਵਾਈ 17 ਸਤੰਬਰ ਨੂੰ
  • PublishedAugust 12, 2026
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਾਰਮਾਸਿਸਟਾਂ ਦੀ ਵਿਵਾਦਿਤ ਭਰਤੀ ’ਤੇ 17 ਸਤੰਬਰ ਤੱਕ ਰੋਕ ਲਗਾ ਦਿੱਤੀ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ 454 ਫਾਰਮਾਸਿਸਟਾਂ ਦੀ ਭਰਤੀ ਲਈ ਪ੍ਰਕਿਰਿਆ ਵਿੱਢੀ ਹੋਈ ਸੀ ਅਤੇ ਇਸ ਭਰਤੀ ਲਈ ਲਿਖਤੀ ਪ੍ਰੀਖਿਆ ’ਚ ਹਾਈਟੈੱਕ ਨਕਲ ਸਕੈਂਡਲ ਬੇਪਰਦ ਹੋਇਆ ਸੀ। ਵਿਰੋਧੀ ਧਿਰਾਂ ਨੇ ਇਸ ਭਰਤੀ ਨੂੰ ਲੈ ਕੇ ‘ਪੇਪਰ ਲੀਕ’ ਹੋਣ ਦਾ ਰੌਲਾ ਪਾਇਆ ਸੀ ਅਤੇ ਕਾਂਗਰਸ ਪਾਰਟੀ ਨੇ ਫ਼ਰੀਦਕੋਟ ਵਿਖੇ ਇਸ ਮਾਮਲੇ ’ਤੇ ਪ੍ਰਦਰਸ਼ਨ ਵੀ ਕੀਤਾ ਸੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਤੋਂ ਪਹਿਲਾਂ ਅਧੀਨ ਸੇਵਾਵਾਂ ਚੋਣ ਬੋਰਡ ਦੇ ਆਬਕਾਰੀ ਤੇ ਕਰ ਅਫ਼ਸਰਾਂ ਦੀ ਭਰਤੀ ’ਤੇ ਵੀ ਰੋਕ ਲਗਾ ਦਿੱਤੀ ਸੀ। ਜਸਟਿਸ ਸੰਦੀਪ ਮੌਦਗਿੱਲ ਦੀ ਅਦਾਲਤ ਵੱਲੋਂ 10 ਅਗਸਤ ਨੂੰ ਸੁਣਾਏ ਫ਼ੈਸਲੇ ’ਚ ਫਾਰਮਾਸਿਸਟਾਂ ਦੀ ਭਰਤੀ ਦੀ ਪ੍ਰਕਿਰਿਆ ’ਤੇ ਵੀ 17 ਸਤੰਬਰ ਤੱਕ ਰੋਕ ਲਗਾ ਦਿੱਤੀ ਗਈ ਹੈ। ਕੇਸ਼ਵ ਕੰਬੋਜ ਅਤੇ ਹੋਰਨਾਂ ਵੱਲੋਂ ਇਸ ਭਰਤੀ ਪ੍ਰਕਿਰਿਆ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ ਜੁਲਾਈ ਦੇ ਆਖ਼ਰੀ ਹਫ਼ਤੇ ਇਸ ਮਾਮਲੇ ’ਤੇ ਨੋਟਿਸ ਜਾਰੀ ਕਰ ਦਿੱਤਾ ਸੀ। ਪਟੀਸ਼ਨਰਾਂ ਨੇ ਇਸ ਭਰਤੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।
ਪੰਜਾਬ ਤੇ ਸਿਹਤ ਵਿਭਾਗ ’ਚ 454 ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ 11 ਜੂਨ ਨੂੰ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਅਤੇ 19 ਜੁਲਾਈ 2026 ਨੂੰ ਲਿਖਤੀ ਪ੍ਰੀਖਿਆ ਹੋਈ ਸੀ। ਇਸ ਪ੍ਰੀਖਿਆ ’ਚ ਹਾਈ ਟੈੱਕ ਨਕਲ ਦਾ ਮਾਮਲਾ ਸਾਹਮਣੇ ਆਇਆ ਸੀ। ਫ਼ਰੀਦਕੋਟ ਪੁਲੀਸ ਨੇ 19 ਜੁਲਾਈ ਨੂੰ ਹੀ ਨਕਲ ਗਿਰੋਹ ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਸੀ।
ਅੰਤਰਰਾਜੀ ਗਿਰੋਹ ਵੱਲੋਂ ਪ੍ਰੀਖਿਆ ਕੇਂਦਰ ਦੇ ਬਾਹਰ ਕੰਟਰੋਲ ਰੂਮ ਬਣਾ ਕੇ ਬਲੂਟੁੱਥ ਅਤੇ ਵਾਇਰਲੈੱਸ ਡਿਵਾਈਸਾਂ ਜ਼ਰੀਏ ਪ੍ਰੀਖਿਆਰਥੀਆਂ ਨੂੰ ਨਕਲ ਕਰਾਈ ਜਾ ਰਹੀ ਸੀ। ਪੰਜਾਬ ਪੁਲੀਸ ਨੇ ਇਸ ਨਕਲ ਸਕੈਂਡਲ ਦੇ ਮਾਮਲੇ ’ਚ ਪੁਲੀਸ ਕੇਸ ਦਰਜ ਕਰਨ ਮਗਰੋਂ ਹੁਣ ਤੱਕ ਕਰੀਬ 37 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪੁਲੀਸ ਨੇ ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਨਕਲ ਉਪਕਰਨ ਅਤੇ ਪੈੱਨ ਕੈਮਰੇ ਵੀ ਬਰਾਮਦ ਕੀਤੇ ਹਨ।