India latest news

President Droupadi Murmu ਦਾ ਪੰਜ ਰੋਜ਼ਾ ਹਿਮਾਚਲ ਪ੍ਰਦੇਸ਼ ਦੌਰਾ 27 ਅਪਰੈਲ ਤੋਂ

President Droupadi Murmu ਦਾ ਪੰਜ ਰੋਜ਼ਾ ਹਿਮਾਚਲ ਪ੍ਰਦੇਸ਼ ਦੌਰਾ 27 ਅਪਰੈਲ ਤੋਂ
  • PublishedApril 26, 2026

ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ 27 ਅਪਰੈਲ ਤੋਂ 1 ਮਈ ਤੱਕ ਹਿਮਾਚਲ ਪ੍ਰਦੇਸ਼ ਆਉਣਗੇ। ਉਹ ਆਪਣੇ ਦੌਰੇ ਦੌਰਾਨ ਸ਼ਿਮਲਾ ਦੇ ਨੇੜੇ ਮਸ਼ੋਬਰਾ ਸਥਿਤ ‘ਰਾਸ਼ਟਰਪਤੀ ਨਿਵਾਸ’ ਵਿੱਚ ਠਹਿਰਨਗੇ।

ਜਾਣਕਾਰੀ ਅਨੁਸਾਰ ਰਾਸ਼ਟਰਪਤੀ 28 ਅਪਰੈਲ ਨੂੰ ਸ਼ਿਮਲਾ ਦੇ ਲੋਕ ਭਵਨ ਵਿਚ ਰਾਜਪਾਲ ਕਵਿੰਦਰ ਗੁਪਤਾ ਵੱਲੋਂ ਦਿੱਤੇ ਜਾਣ ਵਾਲੇ ਰਾਤਰੀ ਭੋਜ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ 29 ਅਪਰੈਲ ਨੂੰ ਉਹ ਮਨਾਲੀ ਜਾਣਗੇ, ਜਿੱਥੇ ਉਹ ਅਟਲ ਟਨਲ ਦਾ ਦੌਰਾ ਕਰਨਗੇ। 30 ਅਪਰੈਲ ਨੂੰ ਰਾਸ਼ਟਰਪਤੀ ਕਾਂਗੜਾ ਦੇ ਪਾਲਮਪੁਰ ਵਿੱਚ ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵਵਿਦਿਆਲਿਆ ਦੀ ਕਨਵੋਕੇਸ਼ਨ (ਡਿਗਰੀ ਵੰਡ ਸਮਾਰੋਹ) ਵਿੱਚ ਸ਼ਿਰਕਤ ਕਰਨਗੇ। ਉਸੇ ਦਿਨ ਬਾਅਦ ਵਿੱਚ ਉਹ ਰਾਸ਼ਟਰਪਤੀ ਨਿਵਾਸ ਮਸ਼ੋਬਰਾ ਵਿਖੇ ‘ਐਟ ਹੋਮ’ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। 1 ਮਈ ਨੂੰ ਦਿੱਲੀ ਵਾਪਸ ਜਾਣ ਤੋਂ ਪਹਿਲਾਂ ਉਹ ਸ਼ਿਮਲਾ ਸਥਿਤ ਆਰਮੀ ਟ੍ਰੇਨਿੰਗ ਕਮਾਂਡ ਦਾ ਦੌਰਾ ਕਰਨਗੇ।

ਰਾਸ਼ਟਰਪਤੀ ਦੇ ਦੌਰੇ ਨੂੰ ਮੁੱਖ ਰੱਖਦਿਆਂ ਹਿਮਾਚਲ ਪ੍ਰਦੇਸ਼ ਪੁਲੀਸ ਨੇ ਰਾਜਧਾਨੀ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਥਾਵਾਂ ‘ਤੇ 1,000 ਤੋਂ ਵੱਧ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸ਼ਿਮਲਾ ਦੇ ਸੀਨੀਅਰ ਸੁਪਰਡੈਂਟ ਆਫ ਪੁਲੀਸ (SSP) ਗੌਰਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸੁਰੱਖਿਆ ਪੱਖੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।