Police Chief Reshuffle: ਅਨੁਰਾਗ ਕੁਮਾਰ ਬਣੇ ਦਿੱਲੀ ਪੁਲੀਸ ਦੇ ਨਵੇਂ ਕਮਿਸ਼ਨਰ
ਕੇਂਦਰ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਇੰਟੈਲੀਜੈਂਸ ਬਿਊਰੋ (IB) ਦੇ ਸਾਬਕਾ ਵਿਸ਼ੇਸ਼ ਡਾਇਰੈਕਟਰ ਅਨੁਰਾਗ ਕੁਮਾਰ ਨੂੰ ਦਿੱਲੀ ਪੁਲੀਸ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਸਰਕਾਰੀ ਹੁਕਮ ਰਾਹੀਂ ਇਸ ਨਿਯੁਕਤੀ ਦੀ ਪੁਸ਼ਟੀ ਕੀਤੀ ਗਈ ਹੈ। ਏ.ਜੀ.ਐੱਮ.ਯੂ.ਟੀ. (AGMUT) ਕੈਡਰ ਦੇ 1994 ਬੈਚ ਦੇ ਆਈ.ਪੀ.ਐੱਸ. (IPS) ਅਧਿਕਾਰੀ ਅਨੁਰਾਗ ਕੁਮਾਰ ਨੂੰ ਬੀਤੇ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਵੱਲੋਂ ਇੰਟੈਲੀਜੈਂਸ ਬਿਊਰੋ ਤੋਂ ਉਨ੍ਹਾਂ ਦੇ ਮੂਲ ਕੈਡਰ ਵਿੱਚ ਵਾਪਸ ਭੇਜਿਆ (repatriate) ਗਿਆ ਸੀ।
ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ, ਅਨੁਰਾਗ ਕੁਮਾਰ, ਆਈ.ਪੀ.ਐੱਸ. (AGMUT: 1994) ਨੂੰ ਅਹੁਦਾ ਸੰਭਾਲਣ ਦੀ ਮਿਤੀ ਤੋਂ ਅਤੇ ਅਗਲੇ ਹੁਕਮਾਂ ਤੱਕ ਦਿੱਲੀ ਦਾ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਜਾਂਦਾ ਹੈ। ਦੂਜੇ ਪਾਸੇ, ਮੌਜੂਦਾ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ (1992 ਬੈਚ ਦੇ AGMUT ਕੈਡਰ ਦੇ IPS ਅਧਿਕਾਰੀ) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਨੁਰਾਗ ਕੁਮਾਰ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਉਹ ਅਗਲੀ ਤਾਇਨਾਤੀ ਲਈ ਦਿੱਲੀ ਦੇ ਉਪ-ਰਾਜਪਾਲ (Lieutenant Governor) ਕੋਲ ਰਿਪੋਰਟ ਕਰਨ।