Pakistan ‘ਚ 125 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਢਾਹੁਣ ਦੀ ਕੋਸ਼ਿਸ਼; ਦਿੱਲੀ ਕਮੇਟੀ ਨੇ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਮੁੱਦਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਫ਼ਾਰੂਕਾਬਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਢਾਹੁਣ ਦੇ ਯਤਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਇਹ ਮਾਮਲਾ ਵਿਦੇਸ਼ ਮੰਤਰਾਲੇ ਕੋਲ ਚੁੱਕਿਆ ਹੈ ਅਤੇ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਹੈ ਕਿ ਇਸ ਗੰਭੀਰ ਮਾਮਲੇ ਨੂੰ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਿਆ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਫ਼ਾਰੂਕਾਬਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ 125 ਸਾਲ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਯਤਨ ਕੀਤਾ ਗਿਆ। ਭਾਵੇਂ ਮੌਕੇ ’ਤੇ ਹੋਏ ਵਿਰੋਧ ਕਾਰਨ ਇਸ ਇਮਾਰਤ ਨੂੰ ਢਾਹੁਣ ਦੇ ਯਤਨ ਸਫ਼ਲ ਨਹੀਂ ਹੋ ਸਕੇ, ਪਰ ਇਹ ਬਹੁਤ ਗੰਭੀਰ ਮਾਮਲਾ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਵਫ਼ਦ ਅੱਜ ਵਿਦੇਸ਼ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਸ੍ਰੀ ਆਨੰਦ ਪ੍ਰਕਾਸ਼ ਨੂੰ ਮਿਲਿਆ ਅਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ। ਵਫ਼ਦ ਨੇ ਦੱਸਿਆ ਕਿ ਹਰ ਚੌਥੇ ਦਿਨ ਪਾਕਿਸਤਾਨ ਵਿਚਲੇ ਪੰਜਾਬ ਵਿੱਚ ਸਿੱਖਾਂ ’ਤੇ ਹਮਲੇ ਅਤੇ ਤਸ਼ੱਦਦ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਵਿੱਚ ਗੁਰੂ ਘਰ ਵਿੱਚ ਸੇਵਾਦਾਰ ਅਤੇ ਉਨ੍ਹਾਂ ਦੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਵਦਫ ਮੁਤਾਬਕ ਇਸੇ ਤਰੀਕੇ ਨਿੱਤ ਦਿਹਾੜੇ ਗੁਰੂ ਘਰਾਂ ’ਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਜੋ ਬਹੁਤ ਹੀ ਚਿੰਤਾਜਨਕ ਹਨ।