India latest news

Operation Sindoor ਦੀ ਪਹਿਲੀ ਵਰ੍ਹੇਗੰਢ: ਭਾਰਤੀ ਫੌਜ ਦੀ ਪਾਕਿਸਤਾਨ ਨੂੰ ਚਿਤਾਵਨੀ ; ਇਹ ਕਾਰਵਾਈ ਤਾਂ ਸਿਰਫ਼ ਸ਼ੁਰੂਆਤ ਸੀ

Operation Sindoor ਦੀ ਪਹਿਲੀ ਵਰ੍ਹੇਗੰਢ: ਭਾਰਤੀ ਫੌਜ ਦੀ ਪਾਕਿਸਤਾਨ ਨੂੰ ਚਿਤਾਵਨੀ ; ਇਹ ਕਾਰਵਾਈ ਤਾਂ ਸਿਰਫ਼ ਸ਼ੁਰੂਆਤ ਸੀ
  • PublishedMay 7, 2026

ਭਾਰਤੀ ਫੌਜ ਨੇ ਵੀਰਵਾਰ ਨੂੰ ‘ਅਪਰੇਸ਼ਨ ਸਿੰਧੂਰ’ ਦੀ ਪਹਿਲੀ ਵਰ੍ਹੇਗੰਢ ਮਨਾਉਂਦਿਆਂ ਕਿਹਾ ਕਿ ਇਸ ਮਿਸ਼ਨ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦਾ ਕੋਈ ਵੀ ਟਿਕਾਣਾ ਹੁਣ ਸੁਰੱਖਿਅਤ ਨਹੀਂ ਹੈ। ਫੌਜ ਅਨੁਸਾਰ ਇਹ ਮੁਹਿੰਮ ਤਾਂ ਸਿਰਫ਼ ਇੱਕ ਸ਼ੁਰੂਆਤ ਸੀ।

ਭਾਰਤੀ ਹਵਾਈ ਸੈਨਾ, ਜਲ ਸੈਨਾ ਅਤੇ ਥਲ ਸੈਨਾ ਦੇ ਮਿਲਟਰੀ ਅਪਰੇਸ਼ਨਾਂ ਦੇ ਮੁਖੀਆਂ ਨੇ ਜੈਪੁਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਸ ਅਪਰੇਸ਼ਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮਿਸ਼ਨ ਨੂੰ ਪਿਛਲੇ 50 ਸਾਲਾਂ ਵਿੱਚ ਭਾਰਤ ਦਾ ਸਭ ਤੋਂ ਵੱਡਾ ਲੜਾਕੂ ਅਪਰੇਸ਼ਨ ਮੰਨਿਆ ਗਿਆ ਹੈ, ਜੋ ਸਰਹੱਦ ਪਾਰੋਂ ਅਤਿਵਾਦ ਫੈਲਾਉਣ ਬਦਲੇ ਪਾਕਿਸਤਾਨ ਨੂੰ ਸਜ਼ਾ ਦੇਣ ਲਈ ਚਲਾਇਆ ਗਿਆ ਸੀ।

ਲੇਫਟੀਨੈਂਟ ਜਨਰਲ ਰਾਜੀਵ ਘਈ, ਜਿਨ੍ਹਾਂ ਨੇ ਫੌਜ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (ਡੀ ਜੀ ਐੱਮ ਓ) ਵਜੋਂ ਇਸ ਅਪਰੇਸ਼ਨ ਨੂੰ ਸਫਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਕੋਈ ਅੰਤ ਨਹੀਂ ਸੀ, ਬਲਕਿ ਇਹ ਤਾਂ ਸਿਰਫ਼ ਇੱਕ ਸ਼ੁਰੂਆਤ ਸੀ।

ਘਈ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਵਿੱਚ ਭਾਰਤ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਪੁਰਾਣੇ ਤਰੀਕਿਆਂ ਤੋਂ ਅੱਗੇ ਵਧ ਕੇ ਕੰਟਰੋਲ ਰੇਖਾ (LoC) ਅਤੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਪਾਰ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ।

ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੇ ਇਰਾਦੇ, ਜ਼ਿੰਮੇਵਾਰੀ ਅਤੇ ਰਣਨੀਤਕ ਸਬਰ ਦਾ ਪ੍ਰਤੀਕ ਸੀ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਨੂੰ ਬਹੁਤ ਹੀ ਸਟੀਕ ਨਿਸ਼ਾਨੇ, ਲੋੜ ਮੁਤਾਬਕ ਅਤੇ ਸਪਸ਼ਟ ਮਕਸਦ ਨਾਲ ਪੂਰਾ ਕੀਤਾ ਗਿਆ ਸੀ। ਘਈ ਨੇ ਕਿਹਾ, “ਭਾਰਤ ਆਪਣੀ ਆਜ਼ਾਦੀ, ਸੁਰੱਖਿਆ ਅਤੇ ਆਪਣੇ ਲੋਕਾਂ ਦੀ ਰੱਖਿਆ ਪੂਰੇ ਭਰੋਸੇ, ਪੇਸ਼ੇਵਰ ਤਰੀਕੇ ਅਤੇ ਪੂਰੀ ਜ਼ਿੰਮੇਵਾਰੀ ਨਾਲ ਕਰੇਗਾ।”

ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਸੰਕੇਤ ਦਿੱਤਾ ਹੈ ਕਿ ਪਾਕਿਸਤਾਨ ਵਿੱਚ ਕੋਈ ਵੀ ਅਤਿਵਾਦੀ ਪਨਾਹਗਾਹ ਸੁਰੱਖਿਅਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੀ ਘੱਟ ਸਮੇਂ ਵਿੱਚ ਇੱਕ ਗੁੰਝਲਦਾਰ ਅਤੇ ਬਹੁ-ਪੱਖੀ ਅਪਰੇਸ਼ਨ ਦੀ ਯੋਜਨਾ ਬਣਾਈ, ਉਸ ਨੂੰ ਲਾਗੂ ਕੀਤਾ ਅਤੇ ਸਫਲਤਾਪੂਰਵਕ ਸਮਾਪਤ ਕੀਤਾ।

ਏਅਰ ਮਾਰਸ਼ਲ ਏ. ਕੇ. ਭਾਰਤੀ, ਜੋ ਉਸ ਸਮੇਂ ਏਅਰ ਆਪਰੇਸ਼ਨ ਦੇ ਡਾਇਰੈਕਟਰ ਜਨਰਲ ਸਨ, ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਹਵਾਈ ਫੌਜ ਦੀ ਤਾਕਤ ਅਤੇ ਸਰਵਉੱਚਤਾ ਨੂੰ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ।

22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ (ਜਿਸ ਵਿੱਚ ਜ਼ਿਆਦਾਤਰ ਸੈਲਾਨੀਆਂ ਸਮੇਤ 26 ਲੋਕ ਮਾਰੇ ਗਏ ਸਨ) ਭਾਰਤ ਨੇ ਪਿਛਲੇ ਸਾਲ 7 ਮਈ ਨੂੰ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ। ਇਸ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅਤਿਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ ਸਨ।