NEET-UG Exam: NTA ਵੱਲੋਂ OMR ਰਿਸਪਾਂਸ ਸ਼ੀਟਾਂ ਜਾਰੀ, 15 ਜੁਲਾਈ ਤੱਕ ਇਤਰਾਜ਼ ਦਾ ਸਮਾਂ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੋਮਵਾਰ ਨੂੰ ਨੀਟ-ਯੂਜੀ (NEET-UG) ਦੀਆਂ ਓਐਮਆਰ (OMR) ਰਿਸਪਾਂਸ ਸ਼ੀਟਾਂ ਜਾਰੀ ਕਰ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਨੀਟ ਮੁੜ-ਪ੍ਰੀਖਿਆ 21 ਜੂਨ ਨੂੰ ਕਰਵਾਈ ਗਈ ਸੀ ਅਤੇ ਪ੍ਰੋਵੀਜ਼ਨਲ ਆਨਸਰ ਕੀ (ਅਸਥਾਈ ਉੱਤਰ ਕੁੰਜੀ) ਐਨਟੀਏ ਦੁਆਰਾ 25 ਜੂਨ ਨੂੰ ਜਾਰੀ ਕੀਤੀ ਗਈ ਸੀ। ਐਨਟੀਏ ਨੇ ਉਮੀਦਵਾਰਾਂ ਦੀਆਂ ਓਐਮਆਰ ਸ਼ੀਟਾਂ ਦੀ ਇੱਕ ਸਕੈਨ ਕੀਤੀ ਕਾਪੀ ਉਨ੍ਹਾਂ ਦੇ ਰਜਿਸਟਰਡ ਈਮੇਲ ਪਤੇ ‘ਤੇ ਵੀ ਭੇਜ ਦਿੱਤੀ ਹੈ। ਇਹ ਉਮੀਦਵਾਰਾਂ ਨੂੰ ਉਨ੍ਹਾਂ ਦੇ ਨਿਸ਼ਾਨਬੱਧ ਕੀਤੇ ਜਵਾਬਾਂ ਦੀ ਦੁਬਾਰਾ ਜਾਂਚ ਕਰਨ, ਦਰਜ ਕੀਤੇ ਗਏ ਜਵਾਬਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਦੀ ਪਛਾਣ ਕਰਨ ਅਤੇ ਲੋੜ ਪੈਣ ‘ਤੇ ਉਸ ਨੂੰ ਇਤਰਾਜ਼ ਦੇਣ ਵਿੱਚ ਮਦਦ ਕਰੇਗਾ।
ਐਨਟੀਏ ਨੇ ਕਿਹਾ, “ਜੇ ਕੋਈ ਉਮੀਦਵਾਰ ਆਪਣੀ ਭੌਤਿਕ ਓਐਮਆਰ ਸ਼ੀਟ ‘ਤੇ ਨਿਸ਼ਾਨਬੱਧ ਕੀਤੇ ਗਏ ਜਵਾਬਾਂ ਅਤੇ ਸਕੈਨਿੰਗ ਏਜੰਸੀ ਦੁਆਰਾ ਦਰਜ ਕੀਤੇ ਗਏ ਜਵਾਬਾਂ ਵਿੱਚ ਕੋਈ ਅੰਤਰ ਪਾਉਂਦਾ ਹੈ, ਜਾਂ ਉਨ੍ਹਾਂ ਦੀ ਓਐਮਆਰ ਸ਼ੀਟ ਤੋਂ ਜ਼ਰੂਰੀ ਡੇਟਾ ਖੇਤਰਾਂ ਨੂੰ ਕੈਪਚਰ ਕਰਨ ਵਿੱਚ ਕੋਈ ਗਲਤੀ ਹੁੰਦੀ ਹੈ, ਤਾਂ ਉਹ ਆਨਲਾਈਨ ਪੋਰਟਲ ਰਾਹੀਂ ਰਿਕਾਰਡਿੰਗ ਨੂੰ ਚੁਣੌਤੀ(ਇਤਰਾਜ਼) ਦੇ ਸਕਦੇ ਹਨ।”
ਉਮੀਦਵਾਰ ਆਪਣੇ ਦਰਜ ਕੀਤੇ ਗਏ ਓਐਮਆਰ ਜਵਾਬਾਂ ਲਈ 13 ਜੁਲਾਈ ਤੋਂ 15 ਜੁਲਾਈ 2026 ਨੂੰ ਸਵੇਰੇ 11 ਵਜੇ ਤੱਕ ਚੁਣੌਤੀਆਂ ਜਮ੍ਹਾਂ ਕਰ ਸਕਦੇ ਹਨ। ਪ੍ਰਤੀ ਚੁਣੌਤੀ ਦਿੱਤੇ ਗਏ ਜਵਾਬ ਲਈ 200 ਰੁਪਏ ਦੀ ਗੈਰ-ਵਾਪਸੀਯੋਗ ਫੀਸ ਆਨਲਾਈਨ ਅਦਾ ਕਰਨੀ ਪਵੇਗੀ। ਸਮਾਂ ਸੀਮਾ ਤੋਂ ਬਾਅਦ ਜਾਂ ਪ੍ਰੋਸੈਸਿੰਗ ਫੀਸ ਦੇ ਭੁਗਤਾਨ ਤੋਂ ਬਿਨਾਂ ਕੋਈ ਵੀ ਇਤਰਾਜ਼ ਸਵੀਕਾਰ ਨਹੀਂ ਕੀਤਾ ਜਾਵੇਗਾ।
ਨੀਟ ਯੂਜੀ (NEET UG) ਦਾ ਨਤੀਜਾ ਜੁਲਾਈ ਦੇ ਤੀਜੇ ਹਫ਼ਤੇ ਤੱਕ ਐਲਾਨਿਆ ਜਾ ਸਕਦਾ ਹੈ।