latest news Punjab

MLA Pathanmajra case: ‘ਆਪ’ ਵਿਧਾਇਕ ਪਠਾਣਮਾਜਰਾ ਦੀ ਜ਼ਮਾਨਤ ਅਰਜ਼ੀ ਰੱਦ, ਪੁਲੀਸ ਨੇ ਖਣਨ ਮਾਮਲੇ ਵਿੱਚ ਗ੍ਰਿਫ਼ਤਾਰੀ ਪਾਈ

MLA Pathanmajra case: ‘ਆਪ’ ਵਿਧਾਇਕ ਪਠਾਣਮਾਜਰਾ ਦੀ ਜ਼ਮਾਨਤ ਅਰਜ਼ੀ ਰੱਦ, ਪੁਲੀਸ ਨੇ ਖਣਨ ਮਾਮਲੇ ਵਿੱਚ ਗ੍ਰਿਫ਼ਤਾਰੀ ਪਾਈ
  • PublishedApril 21, 2026

ਅਦਾਲਤ ਨੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਜਬਰ-ਜਨਾਹ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਸੋਮਵਾਰ ਨੂੰ ਰੱਦ ਕਰ ਦਿੱਤੀ ਹੈ। ਵਿਧਾਇਕ ਨੂੰ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਪੇਸ਼ ਕੀਤਾ ਗਿਆ ਸੀ। ਹੁਣ ਉਹ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕਰ ਸਕਦੇ ਹਨ। ਵਿਧਾਇਕ ਖ਼ਿਲਾਫ਼ ਥਾਣਾ ਸਿਵਲ ਲਾਈਨ ਪਟਿਆਲਾ ਵਿੱਚ ਜਬਰ-ਜਨਾਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ।

ਇਸ ਦੌਰਾਨ ਪੁਲੀਸ ਨੇ ਥਾਣਾ ਜੁਲਕਾਂ ਵਿੱਚ ਪਿਛਲੇ ਸਾਲ 5 ਸਤੰਬਰ ਨੂੰ ਖਣਨ ਕਾਨੂੰਨ ਤਹਿਤ ਦਰਜ ਕੇਸ ਵਿੱਚ ਵੀ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਗ੍ਰਿਫ਼ਤਾਰੀ ਪਾ ਲਈ ਹੈ। ਐੱਸ ਪੀ ਡੀ ਗੁਰਬੰਸ ਬੈਂਸ ਨੇ ਇਸ ਮਾਮਲੇ ਵਿੱਚ ਅਧਿਕਾਰਤ ਤੌਰ ’ਤੇ ਗ੍ਰਿਫ਼ਤਾਰੀ ਪਾਉਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਕੇਸ ’ਚ ਰਿਮਾਂਡ ਬਾਅਦ ਵਿੱਚ ਲਿਆ ਜਾਵੇਗਾ।

ਵਿਧਾਇਕ ਹਰਮੀਤ ਪਠਾਣਮਾਜਰਾ ਦੇ ਵਕੀਲਾਂ ਬੀ ਐੱਸ ਭੁੱਲਰ ਅਤੇ ਐੱਸ ਐੱਸ ਸੱਗੂ ਨੇ ਅਦਾਲਤ ਨੂੰ ਦੱਸਿਆ ਕਿ ਵਿਧਾਇਕ ਖ਼ਿਲਾਫ਼ ਪਟਿਆਲਾ ਵਿੱਚ ਦੋ ਕੇਸ ਦਰਜ ਹਨ, ਪਰ ਉਨ੍ਹਾਂ ਨੂੰ ਬਠਿੰਡਾ ਜੇਲ੍ਹ ’ਚ ਰੱਖਿਆ ਹੋਇਆ ਹੈ। ਇਸ ਮਗਰੋਂ ਅਦਾਲਤ ਨੇ ਵਿਧਾਇਕ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ। ਪਟਿਆਲਾ ਜੇਲ੍ਹ ਪ੍ਰਸ਼ਾਸਨ ਨੇ ਐਂਟਰੀ ਪਾਉਣ ਮਗਰੋਂ ਉਨ੍ਹਾਂ ਨੂੰ ਮੁੜ ਬਠਿੰਡਾ ਜੇਲ੍ਹ ’ਚ ਭੇਜ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਵਿਧਾਇਕ ਦੀ ਜੇਲ੍ਹ ਤਬਦੀਲੀ ਦੀ ਪੁਸ਼ਟੀ ਕੀਤੀ ਹੈ। ਵਕੀਲ ਐੱਸ ਐੱਸ ਸੱਗੂ ਨੇ ਦੱਸਿਆ ਕਿ ਅਦਾਲਤ ਨੇ ਜੇਲ੍ਹ ਤਬਦੀਲੀ ਦਾ ਨੋਟਿਸ ਲੈਂਦਿਆਂ ਜੇਲ੍ਹ ਪ੍ਰਸ਼ਾਸਨ ਤੋਂ 22 ਅਪਰੈਲ ਤੱਕ ਜਵਾਬ ਮੰਗਿਆ ਹੈ। ਉਧਰ, ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਬੀਤੀ ਸ਼ਾਮ ਤੱਕ ਅਜਿਹਾ ਕੋਈ ਨੋਟਿਸ ਨਾ ਮਿਲਣ ਦੀ ਗੱਲ ਆਖੀ।