Mamata Banerjee ਦੀ ਰਿਹਾਇਸ਼ ’ਤੇ CID ਛਾਪਾ
ਟੀ ਐੱਮ ਸੀ ਵਿੱਚ ਜਾਰੀ ਅੰਦਰੂਨੀ ਸੰਕਟ ਦਰਮਿਆਨ ਅੱਜ ਦੁਪਹਿਰੇ ਸੀ ਆਈ ਡੀ ਦੀ ਨੇ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਸਰਕਾਰੀ ਨਿਵਾਸ ਅਤੇ ਕੇਂਦਰੀ ਪਾਰਟੀ ਦਫ਼ਤਰ ਵਿੱਚ ਛਾਪਾ ਮਾਰਿਆ। ਇਹ ਕਾਰਵਾਈ ਵਿਧਾਇਕਾਂ ਦੇ ਕਥਿਤ ਜਾਅਲੀ ਦਸਤਖ਼ਤਾਂ ਦੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਕੀਤੀ ਗਈ ਹੈ ਜੋ ਦੋ ਘੰਟਿਆਂ ਤੱਕ ਜਾਰੀ ਰਹੀ।
ਛਾਪੇ ਦੌਰਾਨ ਸੀ ਆਈ ਡੀ ਅਧਿਕਾਰੀਆਂ ਦੇ ਨਾਲ ਕਾਲੀਘਾਟ ਥਾਣੇ ਦੀ ਪੁਲੀਸ ਅਤੇ ਵੱਡੀ ਗਿਣਤੀ ਵਿੱਚ ਮਹਿਲਾ ਕਰਮਚਾਰੀ ਵੀ ਸਨ। ਸ਼ੁਰੂ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਟੀ ਐੱਮ ਸੀ ਆਗੂਆਂ ਨੇ ਟੀਮ ਨੂੰ ਅੰਦਰ ਜਾਣ ਤੋਂ ਰੋਕਿਆ, ਜਿਸ ਕਾਰਨ ਕੁਝ ਸਮੇਂ ਲਈ ਸਥਿਤੀ ਤਣਾਅਪੂਰਨ ਬਣ ਗਈ ਪਰ ਬਾਅਦ ਵਿੱਚ ਵੱਡੀ ਗਿਣਤੀ ਪੁਲੀਸ ਬਲ ਦੀ ਮੌਜੂਦਗੀ ਵਿੱਚ ਸੀ ਆਈ ਡੀ ਟੀਮ ਅਹਾਤੇ ਵਿੱਚ ਦਾਖਲ ਹੋਈ ਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵੱਖਰੀ ਟੀਮ ਨੇ ਅਭਿਸ਼ੇਕ ਬੈਨਰਜੀ ਦੇ ਕਮਾਕ ਸਟ੍ਰੀਟ ਸਥਿਤ ਦਫ਼ਤਰ ’ਤੇ ਛਾਪਾ ਮਾਰਿਆ।
ਸੀ ਆਈ ਡੀ ਅਨੁਸਾਰ ਇਹ ਛਾਪਾ ਟੀ ਐੱਮ ਸੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਵੱਲੋਂ ਕੇਂਦਰੀ ਏਜੰਸੀ ਦੇ ਨੋਟਿਸ ਦੇ ਦਿੱਤੇ ਜਵਾਬ ਦੇ ਮੱਦੇਨਜ਼ਰ ਮਾਰਿਆ ਗਿਆ ਹੈ। ਆਪਣੇ ਜਵਾਬ ਵਿੱਚ ਬੈਨਰਜੀ ਨੇ ਦੱਸਿਆ ਸੀ ਕਿ ਵਿਧਾਇਕਾਂ ਨੇ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਸਾਂਝੇ ਤੌਰ ’ਤੇ ਦਸਤਖ਼ਤ ਕੀਤੇ ਸਨ। ਅਭਿਸ਼ੇਕ ਬੈਨਰਜੀ, ਜੋ ਇਸ ਸਮੇਂ ਮਮਤਾ ਬੈਨਰਜੀ ਨਾਲ ਨਵੀਂ ਦਿੱਲੀ ਵਿੱਚ ਹਨ ਨੂੰ ਸੀ ਆਈ ਡੀ ਨੇ ਮੰਗਲਵਾਰ ਸ਼ਾਮ 5 ਵਜੇ ਤੱਕ ਇਸ ਮਾਮਲੇ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਇਹ ਅਭਿਸ਼ੇਕ ਨੂੰ ਭੇਜਿਆ ਗਿਆ ਤੀਜਾ ਸੰਮਨ ਸੀ। ਅਭਿਸ਼ੇਕ ਦੇ ਦਫ਼ਤਰ ’ਤੇ ਸੀ ਆਈ ਡੀ ਦੀ ਟੀਮ ਤਿੰਨ ਘੰਟੇ ਰਹੀ?