India latest news

Malaviya Nagar fire: ਬਿਮਾਰ ਪਿਤਾ ਦੀ ਸੇਵਾ ਕਰਨ ਆਇਆ ਪੂਰਾ ਪਰਿਵਾਰ ਹੋਟਲ ਦੀ ਅੱਗ ’ਚ ਸੜਿਆ; 5 ਮ੍ਰਿਤਕਾਂ ਦਾ ਹੋਵੇਗਾ ਇਕੱਠਾ ਸਸਕਾਰ

Malaviya Nagar fire: ਬਿਮਾਰ ਪਿਤਾ ਦੀ ਸੇਵਾ ਕਰਨ ਆਇਆ ਪੂਰਾ ਪਰਿਵਾਰ ਹੋਟਲ ਦੀ ਅੱਗ ’ਚ ਸੜਿਆ; 5 ਮ੍ਰਿਤਕਾਂ ਦਾ ਹੋਵੇਗਾ ਇਕੱਠਾ ਸਸਕਾਰ
  • PublishedJune 4, 2026

ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਹਸਪਤਾਲ ’ਚ ਦਾਖ਼ਲ ਆਪਣੇ ਬਜ਼ੁਰਗ ਪਿਤਾ ਦੀ ਸੇਵਾ ਕਰਨ ਲਈ ਦਿੱਲੀ ਆਇਆ ਇੱਕ ਹੱਸਦਾ-ਵਸਦਾ ਪਰਿਵਾਰ ਇੰਨੀ ਦਰਦਨਾਕ ਮੌਤ ਦਾ ਸ਼ਿਕਾਰ ਹੋ ਜਾਵੇਗਾ। ਮਾਲਵੀਆ ਨਗਰ ਦੇ ਇੱਕ ਹੋਟਲ ‘ਫਲੋਰਿਸ਼ ਇਨ’ ’ਚ ਲੱਗੀ ਭਿਆਨਕ ਅੱਗ ਨੇ ਅਗਰਵਾਲ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਕੁਝ ਹੀ ਪਲਾਂ ਵਿੱਚ ਰਾਖ ਕਰ ਦਿੱਤਾ। ਅੱਜ, ਜਦੋਂ ਇਹ ਪਰਿਵਾਰ ਗੁਰੂਗ੍ਰਾਮ ਦੇ ਮੋਕਸ਼ ਧਾਮ ’ਚ ਪੰਜ ਤਤਾਂ ’ਚ ਵਿਲੀਨ ਹੋਵੇਗਾ, ਤਾਂ ਪਿੱਛੇ ਛੱਡ ਜਾਵੇਗਾ ਸਿਰਫ਼ ਅੱਖਾਂ ’ਚ ਹੰਝੂ ਅਤੇ ਕਦੇ ਨਾ ਭੁੱਲਣ ਵਾਲਾ ਦਰਦ।

ਵਿਵੇਕ ਅੱਗਰਵਾਲ, ਉਨ੍ਹਾਂ ਦੀ ਪਤਨੀ ਤਰਜਨੀ, ਦੋ ਮਾਸੂਮ ਧੀਆਂ ਜਿਵੀਸ਼ਾ (ਐਂਜਲ) ਤੇ ਵਾਰਿਆ (ਪਰਲ), ਅਤੇ ਵਿਵੇਕ ਦੀ ਬਜ਼ੁਰਗ ਮਾਂ ਹੇਮ ਲਤਾ—ਇਹ ਉਹ ਪੰਜ ਚਿਰਾਗ ਸਨ ਜੋ ਇੱਕ ਪਲ ਦੀ ਅਣਗਹਿਲੀ ਨੇ ਬੁਝਾ ਦਿੱਤੇ। ਇਹ ਪਰਿਵਾਰ ਉੱਥੇ ਰੁਕਿਆ ਸੀ ਤਾਂ ਜੋ ਉਹ ਆਪਣੇ ਬਿਮਾਰ ਪਿਤਾ ਦੀ ਨੇੜਿਓਂ ਦੇਖਭਾਲ ਕਰ ਸਕਣ। ਪਰ ਉਹ ਹਸਪਤਾਲ ਦੇ ਨੇੜੇ ਬਿਤਾਇਆ ਗਿਆ ਸਮਾਂ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਬਣ ਜਾਵੇਗਾ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ।

ਇਸ ਘਟਨਾ ਦੇ ਦਰਦਨਾਕ ਪਹਿਲੂ ਉਦੋਂ ਸਾਹਮਣੇ ਆਏ ਜਦੋਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਤੇ ਧੂੰਏਂ ਦੇ ਵਿਚਕਾਰ ਘਿਰੇ ਪਰਿਵਾਰ ਨੇ ਮਦਦ ਲਈ ਮਿੰਨਤਾਂ ਕੀਤੀਆਂ ਸਨ। ਇਮਾਰਤ ਦੇ ਅੰਦਰੋਂ ਆਈਆਂ ਉਨ੍ਹਾਂ ਆਖ਼ਰੀ ਫੋਨ ਕਾਲਾਂ ਦੀ ਆਵਾਜ਼ ਅੱਜ ਵੀ ਰਿਸ਼ਤੇਦਾਰਾਂ ਦੇ ਕੰਨਾਂ ’ਚ ਗੂੰਜ ਰਹੀ ਹੈ। ਉਨ੍ਹਾਂ ਦੀ ਮੌਤ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਉਸ ਸਿਸਟਮ ’ਤੇ ਵੱਡਾ ਸਵਾਲ ਹੈ ਜਿਸ ਨੇ ਇਨ੍ਹਾਂ ਮਾਸੂਮਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ।

ਗੁਰੂਗ੍ਰਾਮ ਦੇ ਸੈਕਟਰ 46 ਸਥਿਤ ਜਿਸ ਘਰ ’ਚ ਕਦੇ ਇਨ੍ਹਾਂ ਪੰਜਾਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ, ਅੱਜ ਉੱਥੇ ਸਿਰਫ਼ ਚੁੱਪ ਅਤੇ ਸੱਥਰ ਵਿਛੇ ਹਨ। ਅੱਜ ਦੁਪਹਿਰ 3 ਵਜੇ ਜਦੋਂ ਸੈਕਟਰ 32 ਦੇ ਮੋਕਸ਼ ਧਾਮ ’ਚ ਇਹ ਪੰਜ ਅਰਥੀਆਂ ਇੱਕਠੀਆਂ ਉੱਠਣਗੀਆਂ, ਤਾਂ ਸ਼ਾਇਦ ਹੀ ਕੋਈ ਅਜਿਹੀ ਅੱਖ ਹੋਵੇਗੀ ਜੋ ਨਮ ਨਾ ਹੋਵੇ। ਦੋਸਤਾਂ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਲਈ ਇਹ ਨੁਕਸਾਨ ਪੂਰਾ ਕਰਨਾ ਅਸੰਭਵ ਹੈ।