Maharashtra accident: ਪਿਕਅੱਪ ਖੂਹ ਵਿੱਚ ਡਿੱਗੀ; ਚਾਰ ਬੱਚਿਆਂ ਤੇ ਚਾਰ ਔਰਤਾਂ ਸਣੇ ਅੱਠ ਹਲਾਕ
ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿਚ ਅੱਜ ਸੜਕ ਹਾਦਸਾ ਵਾਪਰਿਆ। ਇੱਥੋਂ ਦੇ ਮਾਲਸ਼ੀਰਸ ਤਹਿਸੀਲ ਵਿੱਚ ਇੱਕ ਪਿਕ-ਅੱਪ ਗੱਡੀ ਸੜਕ ਕਿਨਾਰੇ ਇੱਕ ਡੂੰਘੇ ਖੂਹ ਵਿੱਚ ਜਾ ਡਿੱਗੀ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਰ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਹਨ। ਇਸ ਦੇ ਨਾਲ ਹੀ ਗੱਡੀ ਵਿੱਚ ਸਵਾਰ ਸੱਤ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਸੋਲਾਪੁਰ ਦੇ ਪੁਲੀਸ ਸੁਪਰਡੈਂਟ ਅਤੁਲ ਕੁਲਕਰਨੀ ਨੇ ਹਾਦਸੇ ਬਾਰੇ ਦੱਸਿਆ ਕਿ ਇਹ ਘਟਨਾ ਤਾਂਦੁਲਵਾੜੀ ਪਿੰਡ ਦੇ ਨੇੜੇ ਵਾਪਰੀ। ਹਾਦਸੇ ਦੇ ਸਮੇਂ ਪਿਕ-ਅੱਪ ਗੱਡੀ ਵਿੱਚ ਕੁੱਲ 15 ਲੋਕ ਸਵਾਰ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਤੇਜ਼ ਰਫ਼ਤਾਰ ਕਾਰਨ ਡਰਾਈਵਰ ਅਚਾਨਕ ਗੱਡੀ ਤੋਂ ਆਪਣਾ ਸੰਤੁਲਨ ਖੋਹ ਬੈਠਾ, ਜਿਸ ਕਾਰਨ ਗੱਡੀ ਸਿੱਧੀ ਸੜਕ ਕੰਢੇ ਖੂਹ ਵਿੱਚ ਜਾ ਡਿੱਗੀ।
ਪੁਲੀਸ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।