Ludhiana Murder Protest: ਨੌਜਵਾਨ ਦੇ ਕਤਲ ਦੇ ਰੋਸ ਵਜੋਂ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ ਜਾਮ
Ludhiana Highway Protest: ਲੁਧਿਆਣਾ ਵਿੱਚ ਹਮਲਾਵਰਾਂ ਵੱਲੋਂ ਮਾਰੇ ਗਏ 25 ਸਾਲਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ ’ਤੇ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਕਤਲ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ ਜਿਸ ਨੂੰ ਸ਼ੁੱਕਰਵਾਰ ਰਾਤ ਉਸ ਸਮੇਂ ਗੋਲੀਆਂ ਮਾਰ ਦਿੱਤੀਆਂ ਗਈਆਂ ਜਦੋਂ ਉਹ ਆਪਣੇ ਦੋ-ਪਹੀਆ ਵਾਹਨ ’ਤੇ ਘਰ ਪਰਤ ਰਿਹਾ ਸੀ। ਇਸ ਪੂਰੀ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ। ਦੱਸਣਾ ਬਣਦਾ ਹੈ ਕਿ ਹਰਜਿੰਦਰ ਸਿੰਘ ਪ੍ਰਾਪਰਟੀ ਡੀਲਿੰਗ ਦੇ ਨਾਲ ਨਾਲ ਕੱਪੜਿਆਂ ਦਾ ਵੀ ਕਾਰੋਬਾਰ ਕਰਦਾ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਨੇ ਬਸਤੀ ਜੋਧੇਵਾਲ ਨੇੜੇ ਨੈਸ਼ਨਲ ਹਾਈਵੇਅ ਦੇ ਇੱਕ ਹਿੱਸੇ ਨੂੰ ਜਾਮ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਜਦੋਂ ਤੱਕ ਮੁਲਜ਼ਮ ਕਾਬੂ ਨਹੀਂ ਆਉਂਦੇ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।
ਮੌਕੇ ’ਤੇ ਪਹੁੰਚੇ ਪੁਲੀਸ ਅਤੇ ਸੀਨੀਅਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਖਰਕਾਰ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਹਾਈਵੇਅ ਦਾ ਜਾਮ ਖਤਮ ਕਰਵਾਇਆ ਗਿਆ।
ਸ਼ੁੱਕਰਵਾਰ ਰਾਤ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਐਸਯੂਵੀ (SUV) ਗੱਡੀ ਵਿੱਚ ਸਵਾਰ ਹਮਲਾਵਰਾਂ ਨੇ ਉਕਤ ਨੌਜਵਾਨ ਨੂੰ ਘੇਰ ਲਿਆ ਅਤੇ ਪਹਿਲਾਂ ਉਸ ਉੱਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਉਸ ਦੇ ਸਰੀਰ ਦੇ ਉੱਪਰੀ ਹਿੱਸੇ ਵਿੱਚ ਪੰਜ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪੁਲੀਸ ਨੇ ਟਿੱਬਾ ਥਾਣੇ ਵਿੱਚ ਛੇ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚ ਰਵੀ, ਸਨੀ, ਮੋਹਿਤ ਅਤੇ ਭੀਨੂ ਦੇ ਨਾਂ ਸ਼ਾਮਲ ਹਨ। ਟਿੱਬਾ ਥਾਣੇ ਦੇ ਮੁਖੀ (SHO) ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸ਼ੱਕ ਹੈ ਕਿ ਇਸ ਕਤਲ ਦੇ ਪਿੱਛੇ ਪੁਰਾਣੀ ਰੰਜਿਸ਼ ਹੋ ਸਕਦੀ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।