Lawrence of Punjab: ਵੈੱਬ ਸੀਰੀਜ਼ ਦਾ ਵਿਰੋਧ ਪਿਆ ਮਹਿੰਗਾ; ਲਾਰੈਂਸ ਗਰੁੱਪ ਵੱਲੋਂ ਰੰਧਾਵਾ, ਵੜਿੰਗ ਤੇ ਮਜੀਠੀਆ ਨੂੰ ਧਮਕੀਆਂ
ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਧਮਕੀ ਭਰਿਆ ਸੁਨੇਹਾ ਮਿਲਿਆ ਹੈ। ਇਹ ਧਮਕੀ ਰੰਧਾਵਾ ਵੱਲੋਂ ਵਿਵਾਦਤ ਡਾਕੂਮੈਂਟਰੀ/ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ਦੀ ਰਿਲੀਜ਼ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਇਸ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਤੋਂ ਬਾਅਦ ਦਿੱਤੀ ਗਈ ਹੈ। ਰੰਧਾਵਾ ਨੇ ਇਸ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਾਣੂ ਕਰਵਾ ਦਿੱਤਾ ਹੈ।
ਧਮਕੀ ਮਿਲਣ ਤੋਂ ਬਾਅਦ ਰੰਧਾਵਾ ਨੇ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਦੀ ਪੁਸ਼ਤਪਨਾਹੀ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਸਵਾਲ ਕੀਤਾ ਕਿ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਜੇ ਵੀ ਕਿਵੇਂ ਸਰਗਰਮ ਹੈ ਅਤੇ ਧਮਕੀਆਂ ਦੇ ਰਿਹਾ ਹੈ? ਇਸੇ ਤਰ੍ਹਾਂ ਉਨ੍ਹਾਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਵੱਲੋਂ ਖੁੱਲ੍ਹੇਆਮ ਮੋਬਾਈਲ ਫ਼ੋਨ ਵਰਤਣ ਦੇ ਵੀ ਗੰਭੀਰ ਦੋਸ਼ ਲਾਏ।
ਜਾਣਕਾਰੀ ਅਨੁਸਾਰ ਰੰਧਾਵਾ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਖ਼ੁਦ ਡੀਜੀਪੀ ਗੌਰਵ ਯਾਦਵ ਨੂੰ ਵੀ ਵਟਸਐਪ ਰਾਹੀਂ ਅਜਿਹੇ ਹੀ ਧਮਕੀ ਭਰੇ ਸੁਨੇਹੇ ਭੇਜੇ ਗਏ ਹਨ।