Blog

Kotkapura Firing Case ਦੀ ਸੁਣਵਾਈ ਹੁਣ ਚੰਡੀਗੜ੍ਹ ’ਚ ਹੋਵੇਗੀ: ਹਾਈ ਕੋਰਟ

Kotkapura Firing Case ਦੀ ਸੁਣਵਾਈ ਹੁਣ ਚੰਡੀਗੜ੍ਹ ’ਚ ਹੋਵੇਗੀ: ਹਾਈ ਕੋਰਟ
  • PublishedApril 9, 2026

ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ’ਚ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਸ ਮਾਮਲੇ ਵਿਚ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਵੀ ਜੁਲਾਈ 2024 ’ਚ ਚੰਡੀਗੜ੍ਹ ਅਦਾਲਤ ’ਚ ਤਬਦੀਲ ਹੋ ਚੁੱਕੀ ਹੈ ਅਤੇ ਇਸ ਮਾਮਲੇ ’ਤੇ ਬਾਜਾਖਾਨਾ ਪੁਲੀਸ ਸਟੇਸ਼ਨ ’ਚ ਕੇਸ ਦਰਜ ਹੋਇਆ ਸੀ। ਅਹਿਮ ਕੇਸਾਂ ਦਾ ਪੰਜਾਬ ਤੋਂ ਬਾਹਰ ਤਬਦੀਲ ਹੋਣਾ ਸੂਬਾ ਸਰਕਾਰ ਲਈ ਨਮੋਸ਼ੀ ਤੋਂ ਘੱਟ ਨਹੀਂ। ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ ਵਧੀਕ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ’ਚ ਵਿਚਾਰ ਅਧੀਨ ਸੀ।

ਤਤਕਾਲੀ ਇੰਸਪੈਕਟਰ-ਜਨਰਲ ਆਫ਼ ਪੁਲੀਸ ਲੁਧਿਆਣਾ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਅਤੇ ਜ਼ਿਲ੍ਹਾ ਮੋਗਾ ਦੇ ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਵੱਲੋਂ ਹਾਈ ਕੋਰਟ ’ਚ ਪਟੀਸ਼ਨਾਂ ਦਾਇਰ ਕਰਕੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ।

14 ਅਕਤੂਬਰ 2015 ਨੂੰ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਸੀ। ਇਸ ਤਰ੍ਹਾਂ ਬਹਿਬਲ ਕਲਾਂ ’ਚ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਫਾਇਰਿੰਗ ਕੀਤੀ ਸੀ ਜਿਸ ’ਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ ਅਤੇ ਇੱਕ ਹੋਰ ਵਿਅਕਤੀ ਦੇ ਗੋਲੀ ਲੱਗੀ ਸੀ। ਬੇਅਦਬੀ ਨਾਲ ਜੁੜੇ ਇਨ੍ਹਾਂ ਮਾਮਲਿਆਂ ’ਚ ਬਾਦਲ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਵੀ ਕਾਰਵਾਈ ਹੋਈ ਸੀ। ਚੇਤੇ ਰਹੇ ਕਿ ਬਰਗਾੜੀ ’ਚ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖ ਸੰਗਤਾਂ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ’ਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਸਿਟੀ ਪੁਲੀਸ ਥਾਣਾ ਕੋਟਕਪੂਰਾ ’ਚ ਕੇਸ ਦਰਜ ਹੋਇਆ ਸੀ ।