India latest news

Kangna ਦੇ ਬਦਲੇ ਸੁਰ: Gen-Z ਨੂੰ ਦੱਸਿਆ ਦੇਸ਼ ਦੀ ਤਾਕਤ ਅਤੇ ਮਾਣ

Kangna ਦੇ ਬਦਲੇ ਸੁਰ: Gen-Z ਨੂੰ ਦੱਸਿਆ ਦੇਸ਼ ਦੀ ਤਾਕਤ ਅਤੇ ਮਾਣ
  • PublishedAugust 7, 2026

ਜੈੱਨ-ਜ਼ੀ ਪ੍ਰਦਰਸ਼ਨਕਾਰੀਆਂ ਬਾਰੇ ਵਿਵਾਦਤ ਟਿੱਪਣੀ ਕਰ ਕੇ ਚਰਚਾ ਵਿੱਚ ਆਈ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਆਪਣਾ ਰੁਖ਼ ਬਦਲਦਿਆਂ ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਵੱਡੀ ਤਾਕਤ ਅਤੇ ਦੇਸ਼ ਦੀ ਸੰਸਕ੍ਰਿਤੀ ਅਤੇ ਪਛਾਣ ਦਾ ਰਾਜਦੂਤ ਕਰਾਰ ਦਿੱਤਾ ਹੈ। ਆਰ.ਐੱਸ.ਐੱਸ. ਮੁੱਖ ਮੋਹਨ ਭਾਗਵਤ ਵੱਲੋਂ ਜੈੱਨ-ਜ਼ੀ ਦੀਆਂ ਮੰਗਾਂ ਸੁਣੇ ਜਾਣ ਅਤੇ ਉਨ੍ਹਾਂ ਨੂੰ ਦੇਸ਼-ਵਿਰੋਧੀ ਨਾ ਕਹਿਣ ਦੀ ਬਿਆਨਬਾਜ਼ੀ ਤੋਂ ਇੱਕ ਦਿਨ ਬਾਅਦ ਕੰਗਨਾ ਨੇ ਵੀ ਇਸੇ ਸੁਰ ਵਿੱਚ ਗੱਲ ਕੀਤੀ ਹੈ।

ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਗਨਾ ਨੇ ਕਿਹਾ, “ਜੈੱਨ-ਜ਼ੀ ਸਾਡੇ ਦੇਸ਼ ਦੀ ਤਾਕਤ ਹੈ ਅਤੇ ਇੱਕ ਤਰ੍ਹਾਂ ਨਾਲ ਦੇਸ਼ ਲਈ ਬਹੁਤ ਵੱਡਾ ਸਰਮਾਇਆ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨੌਜਵਾਨ ਲਗਾਤਾਰ ਸਾਡੀ ਸੰਸਕ੍ਰਿਤੀ ਅਤੇ ਇਸ ਦੀ ਪਛਾਣ ਦੇ ਰਾਜਦੂਤ ਵਜੋਂ ਉਭਰ ਰਹੇ ਹਨ।” ਉਨ੍ਹਾਂ ਅੱਗੇ ਕਿਹਾ, “ਸਾਨੂੰ ਮੋਹਨ ਭਾਗਵਤ ਜੀ, ਜਿਨ੍ਹਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਨੂੰ ਸੁਣਨ ਅਤੇ ਉਨ੍ਹਾਂ ਦੇ ਗਿਆਨ ਤੇ ਤਜ਼ਰਬੇ ਤੋਂ ਲਾਭ ਉਠਾਉਣ ਦਾ ਮੌਕਾ ਵੀ ਮਿਲਿਆ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਨੌਜਵਾਨ ਸਾਡੇ ਨਾਲ ਜੁੜ ਰਹੇ ਹਨ ਅਤੇ ਸਾਡੀ ਸੱਭਿਆਚਾਰਕ ਪਛਾਣ ਨੂੰ ਅਪਣਾ ਰਹੇ ਹਨ।”

ਇਸ ਦੌਰਾਨ ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਉਹ ਰਾਜ ਭਰਤੀ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਿਲਣ ਰਾਂਚੀ ਨਹੀਂ ਗਏ। ‘ਕਵੀਨ’ ਫ਼ਿਲਮ ਦੀ ਅਦਾਕਾਰਾ, ਜਿਨ੍ਹਾਂ ਦੀਆਂ ਜੰਤਰ-ਮੰਤਰ ਤੋਂ ਸ਼ੁਰੂ ਹੋਏ ‘ਕੌਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਪ੍ਰਦਰਸ਼ਨ ਬਾਰੇ ਭੜਕਾਊ ਟਿੱਪਣੀਆਂ ਕਾਰਨ ਭਾਰੀ ਆਲੋਚਨਾ ਹੋਈ ਸੀ, ਨੇ ਝਾਰਖੰਡ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਅਤੇ ਤਮਗੇ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਸਮਰਪਿਤ ਕਰਨ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ।

“ਕੁੱਝ ਲੋਕ ਕਰ ਰਹੇ ਨੇ ਜੈੱਨ-ਜ਼ੀ ਦਾ ਨਾਂਅ ਬਦਨਾਮ”

ਕੰਗਨਾ ਨੇ ਕਿਹਾ, “ਜੈੱਨ-ਜ਼ੀ ਸਰਕਾਰ ਦਾ ਹਿੱਸਾ ਹੈ। ਇਹ ਉਨ੍ਹਾਂ ਦਾ ਜਨਮਤ ਹੈ, ਜਿਸ ਨੂੰ ਸਾਡੀ ਸਰਕਾਰ ਇੰਨੇ ਸਾਲਾਂ ਤੋਂ ਪੂਰਾ ਕਰ ਰਹੀ ਹੈ। ਜੈੱਨ-ਜ਼ੀ ਬਹੁਤ ਵਧੀਆ ਹੈ। ਅਜਿਹਾ ਨਹੀਂ ਹੈ ਕਿ ਗਾਲ੍ਹਾਂ ਕੱਢਣ ਵਾਲੇ 10-15 ਲੋਕ ਹੀ ਜੈੱਨ-ਜ਼ੀ ਹਨ।” ਉਨ੍ਹਾਂ ਕਿਹਾ ਕਿ ਮੁੱਠੀ ਭਰ ਲੋਕ ਜੈੱਨ-ਜ਼ੀ ਦਾ ਨਾਂਅ ਖਰਾਬ ਕਰ ਰਹੇ ਹਨ।

ਮੋਹਨ ਭਾਗਵਤ ਦਾ ਬਿਆਨ ਅਤੇ ਪਿਛਲਾ ਵਿਵਾਦ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੁੰਬਈ ਵਿੱਚ ਮੋਹਨ ਭਾਗਵਤ ਨੇ ਕਿਹਾ ਸੀ ਕਿ ਨੌਜਵਾਨ “ਸਾਡੀ ਆਪਣੀ ਅਗਲੀ ਪੀੜ੍ਹੀ ਹਨ” ਅਤੇ ਉਨ੍ਹਾਂ ਪ੍ਰਤੀ ਪਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਉੱਤੇ “ਦੇਸ਼-ਵਿਰੋਧੀ” ਹੋਣ ਦਾ ਦੋਸ਼ ਨਹੀਂ ਮੜ੍ਹਿਆ ਜਾਣਾ ਚਾਹੀਦਾ। ਰਣੌਤ ਦਾ ਇਹ ਬਿਆਨ ਉਨ੍ਹਾਂ ਦੇ ਪਿਛਲੇ ਬਿਆਨਾਂ ਤੋਂ ਬਿਲਕੁਲ ਉਲਟ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਨੇਤਾਵਾਂ ਖ਼ਿਲਾਫ਼ ਵਰਤੀ ਗਈ ਭਾਸ਼ਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ ਅਤੇ ਉਨ੍ਹਾਂ ਨੂੰ “ਜਨਰੇਸ਼ਨ ਗਟਰ” ਕਿਹਾ ਸੀ।