Kamal Kaur Bhabi Murder: ਅੰਮ੍ਰਿਤਪਾਲ ਮਹਿਰੋਂ ਨੂੰ ਚੈੱਕਅਪ ਲਈ ਹਸਪਤਾਲ ਲਿਆਂਦਾ; ਦੋਵਾਂ ਗੁਰਦਿਆਂ ’ਚ ਪੱਥਰੀ ਦੀ ਸ਼ਿਕਾਇਤ
ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ‘ਕਮਲ ਕੌਰ ਭਾਬੀ’ ਦੇ ਚਰਚਿਤ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਸਖ਼ਤ ਸੁਰੱਖਿਆ ਘੇਰੇ ਹੇਠ ਬਠਿੰਡਾ ਕੇਂਦਰੀ ਜੇਲ੍ਹ ਤੋਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਵਿਖੇ ਜ਼ਰੂਰੀ ਮੈਡੀਕਲ ਚੈੱਕਅਪ ਅਤੇ ਅਲਟਰਾਸਾਊਂਡ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਮੁਲਜ਼ਮ ਦੇ ਵਕੀਲ ਮਨਪ੍ਰੀਤ ਸਿੰਘ ਬਰਾਰ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦੱਸਿਆ ਸੀ ਕਿ ਅੰਮ੍ਰਿਤਪਾਲ ਦੇ ਦੋਵਾਂ ਗੁਰਦਿਆਂ ਵਿੱਚ 8 ਐੱਮ.ਐੱਮ. ਅਤੇ 9 ਐੱਮ.ਐੱਮ. ਦੀਆਂ ਪੱਥਰੀਆਂ ਹਨ, ਜਿਸ ਕਾਰਨ ਉਸ ਨੂੰ ਇਲਾਜ ਦੀ ਲੋੜ ਹੈ। ਇਸ ਤੋਂ ਪਹਿਲਾਂ 20 ਜੂਨ ਨੂੰ ਵੀ ਉਸ ਨੂੰ AIIMS ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਦਵਾਈਆਂ ਦਿੱਤੀਆਂ ਸਨ।
ਪੰਜਾਬ ਪੁਲੀਸ ਅਨੁਸਾਰ ਇਹ ਕਤਲ ‘ਮੋਰਲ ਪੋਲਿਸਿੰਗ’ ਦੀ ਵਜ੍ਹਾ ਨਾਲ ਕੀਤਾ ਗਿਆ ਸੀ। ਕਤਲ ਤੋਂ ਬਾਅਦ ਯੂ.ਏ.ਈ. ਭੱਜ ਗਏ ਮਹਿਰੋਂ ਨੂੰ ਇਸੇ ਸਾਲ 10 ਅਪਰੈਲ ਨੂੰ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਸੀ। ਫਿਲਹਾਲ ਚਾਰ ਮੁਲਜ਼ਮ ਜੇਲ੍ਹ ’ਚ ਹਨ ਜਦਕਿ ਪੰਜਵਾਂ ਮੁਲਜ਼ਮ ਸ਼ਮਸ਼ੇਰ ਸਿੰਘ ਸ਼ੇਰਾ ਅਜੇ ਵੀ ਫ਼ਰਾਰ ਹੈ।