ITBP ਦੇ DIG ਪਰਮਿੰਦਰ ਸਿੰਘ ਅਤੇ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇੰਡੋ-ਤਿਬਤ ਬਾਰਡਰ ਪੁਲੀਸ (ਆਈ ਟੀ ਬੀ ਪੀ) ਦੇ ਇੱਕ ਡੀ ਆਈ ਜੀ ਅਤੇ ਉਨ੍ਹਾਂ ਦੇ ਡਰਾਈਵਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਦੇਹਰਾਦੂਨ-ਪੰਚਕੂਲਾ ਕੌਮੀ ਮਾਰਗ ‘ਤੇ ਸਰਸਵਾ ਪੁਲੀਸ ਸਟੇਸ਼ਨ ਨੇੜੇ ਵਾਪਰਿਆ।
ਮ੍ਰਿਤਕਾਂ ਦੀ ਪਛਾਣ ਆਈ ਟੀ ਬੀ ਪੀ ਦੇ ਡਿਪਟੀ ਇੰਸਪੈਕਟਰ ਜਨਰਲ (ਡੀ ਆਈ ਜੀ) ਪਰਮਿੰਦਰ ਸਿੰਘ (52) ਅਤੇ ਉਨ੍ਹਾਂ ਦੇ ਡਰਾਈਵਰ ਰਾਮਸ਼ਰਨ (35) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਡੀ ਆਈ ਜੀ ਦਾ ਗੰਨਮੈਨ ਜੈਰਾਮ (38) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
ਸੀਨੀਅਰ ਪੁਲੀਸ ਕਪਤਾਨ ਅਭਿਨੰਦਨ ਸਿੰਘ ਨੇ ਖਬਰ ਏਜੰਸੀ ਪੀ ਟੀ ਆਈ ਨੂੰ ਦੱਸਿਆ ਕਿ ਇਸ ਟੱਕਰ ਵਿੱਚ ਸਵਿਫਟ ਕਾਰ ‘ਚ ਸਵਾਰ ਤਿੰਨ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੀ ਪਛਾਣ ਗੁਰੂਨਾਨਕ ਸਿੰਘ (49), ਦਵਿੰਦਰ ਕੌਰ (55) ਅਤੇ ਗੁਰਨਾਮ ਸਿੰਘ (57) ਵਜੋਂ ਹੋਈ ਹੈ।
ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਪਿਲਖਣੀ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲੀਸ ਅਧਿਕਾਰੀ ਅਨੁਸਾਰ, ਡੀ ਆਈ ਜੀ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਲੈ ਕੇ ਜਾ ਰਹੀ ਸਕਾਰਪੀਓ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਸਾਹਮਣੇ ਵਾਲੀ ਲੇਨ ਵਿੱਚ ਚਲੀ ਗਈ, ਜਿੱਥੇ ਇਹ ਸਾਹਮਣੇ ਤੋਂ ਆ ਰਹੀ ਸਵਿੱਫਟ ਕਾਰ ਨਾਲ ਜਾ ਟਕਰਾਈ।
ਹਾਦਸੇ ਤੋਂ ਤੁਰੰਤ ਬਾਅਦ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਪਿਲਖਣੀ ਦੇ ਮੈਡੀਕਲ ਕਾਲਜ ਵਿੱਚ ਪਹੁੰਚਾਇਆ। ਐੱਸ ਐਸ ਪੀ ਨੇ ਦੱਸਿਆ ਕਿ ਡਾਕਟਰਾਂ ਨੇ ਪਰਮਿੰਦਰ ਸਿੰਘ ਅਤੇ ਰਾਮਸ਼ਰਨ ਨੂੰ ਹਸਪਤਾਲ ਪਹੁੰਚਦਿਆਂ ਹੀ ਮ੍ਰਿਤਕ ਐਲਾਨ ਦਿੱਤਾ।
ਪੁਲੀਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਪੰਜਾਬ ਦੇ ਰੋਪੜ ਦੇ ਰਹਿਣ ਵਾਲੇ ਸਨ ਅਤੇ ਇਸ ਸਮੇਂ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਤਾਇਨਾਤ ਸਨ। ਉਹ ਉਤਰਾਖੰਡ ਦੇ ਮਸੂਰੀ ਵਿੱਚ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਹਰਿਆਣਾ ਦੇ ਅੰਬਾਲਾ ਜਾ ਰਹੇ ਸਨ।