latest news World

Israel Beirut airstrikes: ਇਜ਼ਰਾਈਲ ਵੱਲੋਂ ਲੈਬਨਾਨ ਦੀ ਰਾਜਧਾਨੀ ਬੈਰੂਤ ’ਤੇ ਹਵਾਈ ਹਮਲੇ

Israel Beirut airstrikes: ਇਜ਼ਰਾਈਲ ਵੱਲੋਂ ਲੈਬਨਾਨ ਦੀ ਰਾਜਧਾਨੀ ਬੈਰੂਤ ’ਤੇ ਹਵਾਈ ਹਮਲੇ
  • PublishedJune 14, 2026

ਇਜ਼ਰਾਈਲ ਦੀ ਫੌਜ ਨੇ ਐਤਵਾਰ ਨੂੰ ਲੈਬਨਾਨ ਦੀ ਰਾਜਧਾਨੀ ਬੈਰੂਤ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਈ ਹਵਾਈ ਹਮਲੇ ਕੀਤੇ ਹਨ। ਫੌਜ ਮੁਤਾਬਕ ਇਨ੍ਹਾਂ ਹਮਲਿਆਂ ਦਾ ਮੁੱਖ ਨਿਸ਼ਾਨਾ ਉੱਥੇ ਮੌਜੂਦ ਹਿਜ਼ਬੁੱਲਾ ਦਾ ਫੌਜੀ ਢਾਂਚਾ ਸੀ। ਹਮਲਿਆਂ ਤੋਂ ਤੁਰੰਤ ਬਾਅਦ ਲੈਬਨਾਨ ਦੀ ਰਾਜਧਾਨੀ ਦੇ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਉੱਠਦੇ ਹੋਏ ਦੇਖੇ ਗਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਉੱਤਰੀ ਇਜ਼ਰਾਈਲ ਵਿੱਚ ਹਿਜ਼ਬੁੱਲਾ ਵੱਲੋਂ ਕੀਤੇ ਗਏ ਹਮਲਿਆਂ ਦਾ ਕਰਾਰਾ ਜਵਾਬ ਹੈ।

ਇਸ ਤੋਂ ਪਹਿਲਾਂ ਜਦੋਂ ਇਜ਼ਰਾਈਲ ਨੇ ਇੱਕ ਹਫ਼ਤਾ ਪਹਿਲਾਂ ਬੇਰੂਤ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਸੀ ਤਾਂ ਉਸ ਦੇ ਜਵਾਬ ਵਿੱਚ ਇਰਾਨ ਨੇ ਵੀ ਇਜ਼ਰਾਈਲ ‘ਤੇ ਸਿੱਧੇ ਹਮਲੇ ਕੀਤੇ ਸਨ। ਹਿਜ਼ਬੁੱਲਾ ਦੇ ਸਭ ਤੋਂ ਵੱਡੇ ਮਦਦਗਾਰ ਅਤੇ ਸਮਰਥਕ ਦੇਸ਼ ਇਰਾਨ ਨੇ ਇਸ ਗੱਲ ‘ਤੇ ਪੂਰਾ ਜ਼ੋਰ ਦਿੱਤਾ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਹੋਣ ਵਾਲੇ ਕਿਸੇ ਵੀ ਜੰਗਬੰਦੀ ਸਮਝੌਤੇ ਵਿੱਚ ਲੈਬਨਾਨ ‘ਤੇ ਹੋਣ ਵਾਲੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੀ ਸ਼ਰਤ ਲਾਜ਼ਮੀ ਤੌਰ ‘ਤੇ ਸ਼ਾਮਲ ਹੋਣੀ ਚਾਹੀਦੀ ਹੈ।

ਮਿਡਲ ਈਸਟ (ਮੱਧ ਪੂਰਬ) ਵਿੱਚ ਇਹ ਵੱਡੀ ਜੰਗ ਉਦੋਂ ਭੜਕੀ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਸਾਂਝੇ ਤੌਰ ‘ਤੇ ਇਰਾਨ ‘ਤੇ ਹਮਲਾ ਕੀਤਾ ਸੀ। ਉਸ ਕਾਰਵਾਈ ਦੇ ਠੀਕ ਦੋ ਦਿਨਾਂ ਬਾਅਦ 2 ਮਾਰਚ ਨੂੰ ਹਿਜ਼ਬੁੱਲਾ ਨੇ ਇਜ਼ਰਾਈਲ ਅੰਦਰ ਕਈ ਮਿਜ਼ਾਈਲਾਂ ਦਾਗੀਆਂ ਸਨ। ਇਹ ਤਾਜ਼ਾ ਹਮਲੇ ਅਜਿਹੇ ਨਾਜ਼ੁਕ ਸਮੇਂ ਹੋਏ ਹਨ ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਇੱਕ ਵੱਡੇ ਸਮਝੌਤੇ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਕਾਰਨ ਪੂਰੇ ਖੇਤਰ ਵਿੱਚ ਸਿਆਸੀ ਅਤੇ ਫੌਜੀ ਹਲਚਲ ਬਹੁਤ ਜ਼ਿਆਦਾ ਵਧ ਗਈ ਹੈ।