Indian Market: ਅਮਰੀਕੀ ਡਾਲਰ ਦੇ ਮੁਕਾਬਲੇ 7 ਪੈਸੇ ਮਜ਼ਬੂਤ ਹੋ ਕੇ 95.41 ’ਤੇ ਪੁੱਜਾ
ਪੱਛਮੀ ਏਸ਼ੀਆ (ਮਿਡਲ ਈਸਟ) ਸੰਕਟ ਦੇ ਹੋਰ ਡੂੰਘੇ ਹੋਣ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਅਮਰੀਕੀ ਡਾਲਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਦੇ ਬਾਵਜੂਦ, ਵੀਰਵਾਰ ਨੂੰ ਭਾਰਤੀ ਰੁਪਿਆ 7 ਪੈਸੇ ਦੀ ਮਜ਼ਬੂਤੀ ਨਾਲ 95.41 (ਆਰਜ਼ੀ) ਦੇ ਪੱਧਰ ‘ਤੇ ਬੰਦ ਹੋਇਆ। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਆਏ ਉਛਾਲ ਅਤੇ ਸਰਕਾਰੀ ਬੈਂਕਾਂ ਵੱਲੋਂ ਡਾਲਰ ਦੀ ਕੀਤੀ ਗਈ ਬਿਕਵਾਲੀ ਨੇ ਸਥਾਨਕ ਕਰੰਸੀ ਨੂੰ ਵੱਡਾ ਸਹਾਰਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੁਪਿਆ 52 ਪੈਸੇ ਦੀ ਵੱਡੀ ਗਿਰਾਵਟ ਨਾਲ 95.48 ਦੇ ਪੱਧਰ ’ਤੇ ਬੰਦ ਹੋਇਆ ਸੀ।
ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਅੱਜ ਰੁਪਿਆ 4 ਪੈਸੇ ਦੀ ਗਿਰਾਵਟ ਨਾਲ 95.52 ’ਤੇ ਖੁੱਲ੍ਹਿਆ ਸੀ। ਕਾਰੋਬਾਰ ਦੌਰਾਨ ਇਸ ਵਿੱਚ ਕਾਫ਼ੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ ਅਤੇ ਇਹ 95.58 ਤੋਂ 95.28 ਦੇ ਦਾਇਰੇ ਵਿੱਚ ਘੁੰਮਦਾ ਰਿਹਾ। ਬਾਜ਼ਾਰ ਮਾਹਰਾਂ ਮੁਤਾਬਕ, ਭਾਰਤੀ ਰਿਜ਼ਰਵ ਬੈਂਕ (RBI) ਦੀ ਸੰਭਾਵਿਤ ਦਖ਼ਲਅੰਦਾਜ਼ੀ ਨੇ ਰੁਪਏ ਨੂੰ ਹੇਠਲੇ ਪੱਧਰ ਤੋਂ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ।