Himachal Rain Alert: ਹਿਮਾਚਲ ਪ੍ਰਦੇਸ਼ ਵਿੱਚ 18 ਜੁਲਾਈ ਤੱਕ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ
ਹਿਮਾਚਲ ਪ੍ਰਦੇਸ਼ ਵਿਚ 18 ਜੁਲਾੲੀ ਤਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਰਾਜਧਾਨੀ ਸ਼ਿਮਲਾ ਦੇ ਕਾਰਟ ਰੋਡ ’ਤੇ ਦਿ ਲਿਫਟ ਨੇੜੇ ਢਿੱਗਾਂ ਡਿੱਗਣ ਕਾਰਨ ਅੱਜ ਕਈ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਇਹ ਹਾਦਸਾ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ (ਐਚ.ਪੀ.ਸੀ.ਸੀ.) ਦੇ ਮੁੱਖ ਦਫ਼ਤਰ ਨੇੜੇ ਵਾਪਰਿਆ, ਜਿੱਥੇ ਪਹਾੜੀ ਤੋਂ ਭਾਰੀ ਮਲਬੇ ਦੇ ਨਾਲ ਇੱਕ ਵੱਡਾ ਦਰੱਖਤ ਸੜਕ ‘ਤੇ ਆ ਡਿੱਗਿਆ ਅਤੇ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਹੋਰ ਸਬੰਧਤ ਵਿਭਾਗਾਂ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਜੇ.ਸੀ.ਬੀ. ਅਤੇ ਹੋਰ ਮਸ਼ੀਨਰੀ ਦੀ ਮਦਦ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸੜਕ ਤੋਂ ਮਲਬਾ ਅਤੇ ਦਰੱਖਤ ਹਟਾ ਕੇ ਆਵਾਜਾਈ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਪ੍ਰਸ਼ਾਸਨ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕਾਰਟ ਰੋਡ ਨੂੰ ਸਬਜ਼ੀ ਮੰਡੀ ਨਾਲ ਜੋੜਨ ਵਾਲੀ ਸੜਕ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ।
ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ 18 ਜੁਲਾਈ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਹੇਗਾ, ਹਾਲਾਂਕਿ ਸੂਬਾ ਮੌਸਮ ਕੇਂਦਰ ਵੱਲੋਂ ਕੋਈ ਵਿਸ਼ੇਸ਼ ਚਿਤਾਵਨੀ (ਵਾਰਨਿੰਗ) ਜਾਰੀ ਨਹੀਂ ਕੀਤੀ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਵਾਂਗ ਰਹਿਣ ਦੀ ਉਮੀਦ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 6 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਬਾਰਿਸ਼ ਦੌਰਾਨ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਵਿੱਚ ਸਭ ਤੋਂ ਵੱਧ 60 ਐਮ.ਐਮ. ਮੀਂਹ ਪਿਆ, ਜਦਕਿ ਮਨਾਲੀ ਵਿੱਚ 45 ਐਮ.ਐਮ., ਸ਼ਿਮਲਾ ਵਿੱਚ 19 ਐਮ.ਐਮ., ਊਨਾ ਵਿੱਚ 3 ਐਮ.ਐਮ. ਅਤੇ ਕਾਲਪਾ ਵਿੱਚ 2.4 ਐਮ.ਐਮ. ਮੀਂਹ ਦਰਜ ਕੀਤਾ ਗਿਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਮੰਡੀ ਦੇ ਸੁੰਦਰਨਗਰ ਵਿੱਚ 33.1 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਤਾਪਮਾਨ ਲਾਹੌਲ-ਸਪਿਤੀ ਦੇ ਕੁਕੁਮਸੇਰੀ ਵਿੱਚ 10.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਸੈਲਸੀਅਸ ਅਤੇ ਧਰਮਸ਼ਾਲਾ ਵਿੱਚ 29 ਡਿਗਰੀ ਸੈਲਸੀਅਸ ਰਿਹਾ।