Himachal Landslide: ਹਿਮਾਚਲ ਪ੍ਰਦੇਸ਼: ਟੈਕਸੀ ’ਤੇ ਢਿੱਗਾਂ ਡਿੱਗੀਆਂ; 13 ਹਲਾਕ
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ਸ਼ੁੱਕਰਵਾਰ ਨੂੰ ਉਦੇਪੁਰ-ਕਿਲਾੜ ਸੜਕ ’ਤੇ ਕੜੂ ਨਾਲੇ ਦੇ ਨੇੜੇ ਢਿੱਗਾਂ ਡਿੱਗ ਗਈਆਂ। ਇਸ ਦੀ ਲਪੇਟ ਵਿੱਚ ਇੱਕ ਟਾਟਾ ਸੂਮੋ ਟੈਕਸੀ ਆ ਗਈ। ਇਸ ਗੱਡੀ ਵਿੱਚ 15 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ 13 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਛੇ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਇਹ ਪਤਾ ਲੱਗਿਆ ਹੈ ਕਿ ਇਹ ਸਾਰੇ ਜਣੇ ਪਾਂਗੀ ਦੇ ਰਹਿਣ ਵਾਲੇ ਸਨ। ਇਹ ਜਦੋਂ ਜਾ ਰਹੇ ਸਨ ਤਾਂ ਪਹਾੜ ਤੋਂ ਵੱਡੀਆਂ ਵੱਡੀਆਂ ਢਿੱਗਾਂ ਗੱਡੀ ’ਤੇ ਆ ਡਿੱਗੀਆਂ ਤੇ ਇਹ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਦੀ ਪੁਸ਼ਟੀ ਹਿਮਾਚਲ ਪ੍ਰਸ਼ਾਸਨ ਨੇ ਕਰ ਦਿੱਤੀ ਹੈ।
ਹਾਦਸੇ ਵਿਚ ਦੋ ਜਣੇ ਵਾਲ ਵਾਲ ਬਚੇ
ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ਉਦੇਪੁਰ-ਪਾਂਗੀ ਸੜਕ ‘ਤੇ ਸ਼ੁੱਕਰਵਾਰ ਨੂੰ ਇੱਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 6 ਮਹੀਨੇ ਦੇ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਵਾਲ-ਵਾਲ ਬਚ ਗਏ।
ਇਹ ਗੱਡੀ ਕੁੱਲੂ ਤੋਂ ਕਿਲਾੜ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਕੁੱਲ 15 ਲੋਕ ਸਵਾਰ ਸਨ। ਜਿਵੇਂ ਹੀ ਗੱਡੀ ਕੜੂ ਨਾਲੇ ਦੇ ਨੇੜੇ ਪਹੁੰਚੀ, ਪਹਾੜ ਤੋਂ ਵੱਡੇ-ਵੱਡੇ ਪੱਥਰ ਗੱਡੀ ‘ਤੇ ਆ ਡਿੱਗੇ, ਜਿਸ ਨਾਲ ਗੱਡੀ ਪੂਰੀ ਤਰ੍ਹਾਂ ਪਿਚਕ ਗਈ। ਟੱਕਰ ਤੋਂ ਬਾਅਦ ਗੱਡੀ ਦੇ ਪਿਛਲੇ ਹਿੱਸੇ ਨੂੰ ਅੱਗ ਲੱਗ ਗਈ।
ਜ਼ਿਲ੍ਹਾ ਹੈੱਡਕੁਆਰਟਰ ਕੀਲੌਂਗ ਤੋਂ ਲਗਪਗ 70 ਕਿਲੋਮੀਟਰ ਦੂਰ ਵਾਪਰੇ ਇਸ ਹਾਦਸੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਹੋਈ ਅਤੇ ਅੱਗ ਦੀ ਲਪੇਟ ਵਿੱਚ ਦਿਖਾਈ ਦੇ ਰਹੀ ਹੈ। ਮੌਕੇ ‘ਤੇ ਮੌਜੂਦ ਰਾਹਗੀਰਾਂ ਅਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਪੁਲੀਸ ਨੂੰ ਸੂਚਨਾ ਮਿਲਦੇ ਹੀ ਟੀਮ ਤੁਰੰਤ ਮੌਕੇ ‘ਤੇ ਭੇਜੀ ਗਈ। ਲਾਹੌਲ-ਸਪਿਤੀ ਦੀ ਡਿਪਟੀ ਕਮਿਸ਼ਨਰ ਕਿਰਨ ਭਦਾਨਾ ਨੇ 13 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਭਰਮੌਰ ਦੇ ਵਿਧਾਇਕ ਜਨਕ ਰਾਜ ਨੇ ਦੱਸਿਆ ਕਿ ਗੱਡੀ ਵਿੱਚੋਂ ਬਾਹਰ ਛਾਲ ਮਾਰਨ ਵਾਲੇ 2 ਵਿਅਕਤੀਆਂ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਦੀ ਮੌਤ ਹੋ ਗਈ।
ਮੁਢਲੀ ਜਾਣਕਾਰੀ ਅਨੁਸਾਰ ਉਦੇਪੁਰ-ਕਿਲਾੜ ਸੜਕ ਇੱਕ ਦਿਨ ਪਹਿਲਾਂ ਬੰਦ ਹੋਣ ਕਾਰਨ ਇਹ ਯਾਤਰੀ ਟਿੰਡੀ ਵਿੱਚ ਫਸੇ ਹੋਏ ਸਨ। ਸ਼ੁੱਕਰਵਾਰ ਨੂੰ ਸੜਕ ਖੁੱਲ੍ਹਣ ਤੋਂ ਬਾਅਦ ਉਹ ਪਾਂਗੀ ਲਈ ਰਵਾਨਾ ਹੋਏ ਸਨ। ਮ੍ਰਿਤਕਾਂ ਦੀ ਆਧਿਕਾਰਿਕ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।