America India latest news World

Gurpatwant Singh Pannun ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ 20 ਨਵੰਬਰ ਨੂੰ ਸਜ਼ਾ ਸੁਣਾਏਗੀ ਅਮਰੀਕਾ ਦੀ ਅਦਾਲਤ

Gurpatwant Singh Pannun ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ 20 ਨਵੰਬਰ ਨੂੰ ਸਜ਼ਾ ਸੁਣਾਏਗੀ ਅਮਰੀਕਾ ਦੀ ਅਦਾਲਤ
  • PublishedAugust 12, 2026

Pannun Murder Plot: ਅਮਰੀਕਾ ਦੀ ਇੱਕ ਸੰਘੀ ਅਦਾਲਤ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕਰਨ ਵਾਲੇ ਨਿਖਿਲ ਗੁਪਤਾ ਨੂੰ 20 ਨਵੰਬਰ ਨੂੰ ਸਜ਼ਾ ਸੁਣਾਏਗੀ। ਨਿਊਯਾਰਕ ਦੇ ਸਦਰਨ ਡਿਸਟ੍ਰਿਕਟ ਦੀ ਸੰਘੀ ਅਦਾਲਤ ਨੇ ਗੁਪਤਾ ਨੂੰ ਸਜ਼ਾ ਸੁਣਾਉਣ ਲਈ ਪਹਿਲਾਂ 25 ਸਤੰਬਰ ਦੀ ਤਾਰੀਖ਼ ਤੈਅ ਕੀਤੀ ਸੀ ਪਰ ਕਤਲ ਦੀ ਸਾਜ਼ਿਸ਼ ਦੇ ਕਥਿਤ ਨਿਸ਼ਾਨੇ ‘ਤੇ ਰਹੇ ਵਿਅਕਤੀ ਦੀ ਬੇਨਤੀ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

ਅਦਾਲਤੀ ਦਸਤਾਵੇਜ਼ਾਂ ਵਿੱਚ ਪੀੜਤ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਪੰਨੂ ਦੇ ਵਕੀਲ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਇਸ ਸਾਜ਼ਿਸ਼ ਵਿੱਚ ਪੰਨੂ ਹੀ ਨਿਸ਼ਾਨੇ ‘ਤੇ ਸੀ। ਅਮਰੀਕਾ ਦੇ ਸਦਰਨ ਡਿਸਟ੍ਰਿਕਟ ਆਫ਼ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ ਵਿੱਚ ਦਾਖ਼ਲ ਇੱਕ ਪੱਤਰ ਵਿੱਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਪੀੜਤ ਸਜ਼ਾ ਸੁਣਾਏ ਜਾਣ ਦੀ ਕਾਰਵਾਈ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ। ਉਸ ਨੇ 25 ਸਤੰਬਰ ਦੀ ਸੁਣਵਾਈ ਮੁਲਤਵੀ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਸ ਸਮੇਂ ਉਹ ਦੇਸ਼ ਤੋਂ ਬਾਹਰ ਹੋਵੇਗਾ। ਜੱਜ ਵਿਕਟਰ ਮਾਰੇਰੋ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਪਤਾ ਨੂੰ ਸਜ਼ਾ ਸੁਣਾਉਣ ਦੀ ਨਵੀਂ ਤਾਰੀਖ਼ 20 ਨਵੰਬਰ ਸਵੇਰੇ 10 ਵਜੇ ਤੈਅ ਕੀਤੀ ਹੈ।

ਨਿਖਿਲ ਗੁਪਤਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਲ ਜੁੜੇ ਤਿੰਨੋਂ ਦੋਸ਼ਾਂ ਸੁਪਾਰੀ ਦੇ ਕੇ ਕਤਲ ਕਰਵਾਉਣਾ, ਸੁਪਾਰੀ ਦੇ ਕੇ ਕਤਲ ਦੀ ਸਾਜ਼ਿਸ਼ ਰਚਣਾ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ 13 ਫ਼ਰਵਰੀ ਨੂੰ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਕਾਨੂੰਨ ਮੁਤਾਬਕ ਸੁਪਾਰੀ ਦੇ ਕੇ ਕਤਲ ਕਰਵਾਉਣ ਦੇ ਮਾਮਲੇ ਵਿੱਚ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ, ਇਸ ਦੀ ਸਾਜ਼ਿਸ਼ ਰਚਣ ਦੇ ਅਪਰਾਧ ਵਿੱਚ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਵੱਧ ਤੋਂ ਵੱਧ 20 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਗੁਪਤਾ ਨੂੰ 30 ਜੂਨ 2023 ਨੂੰ ਚੈੱਕ ਗਣਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇੱਕ ਸਾਲ ਬਾਅਦ ਅਮਰੀਕਾ ਹਵਾਲੇ ਕੀਤਾ ਗਿਆ ਸੀ।