Edmonton: ਅਪਾਰਟਮੈਂਟ ਵਿੱਚ ਵਾਪਰੇ ਭਿਆਨਕ ਅਗਨੀਕਾਂਡ ‘ਚ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ
ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ ਉੱਤਰੀ ਹਿੱਸੇ ਵਿੱਚ ਸੋਮਵਾਰ ਰਾਤ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਅਤੇ ਅਗਨੀਕਾਂਡ ਵਿੱਚ ਇੱਕ ਬਜ਼ੁਰਗ ਪੰਜਾਬੀ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 85 ਸਾਲਾ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਪਤਨੀ 82 ਸਾਲਾ ਸੁਰਿੰਦਰਜੀਤ ਕੌਰ ਭੰਡਾਲ ਵਜੋਂ ਹੋਈ ਹੈ। ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ-ਦੂਜੇ ਦਾ ਸਾਥ ਨਿਭਾ ਰਿਹਾ ਇਹ ਜੋੜਾ ਇਸ ਦੁਨੀਆ ਤੋਂ ਵੀ ਇਕੱਠੇ ਹੀ ਰੁਖ਼ਸਤ ਹੋ ਗਿਆ।
ਪੁਲੀਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸੋਮਵਾਰ ਰਾਤ ਕਰੀਬ 9:15 ਵਜੇ 82ਵੀਂ ਸਟਰੀਟ ਅਤੇ 132ਵੀਂ ਐਵਿਨਿਊ (ਕਿਲਾਰਨੀ ਇਲਾਕੇ) ਸਥਿਤ ਇੱਕ ਤਿੰਨ-ਮੰਜ਼ਿਲਾ ਅਪਾਰਟਮੈਂਟ ਵਿੱਚ ਵਾਪਰਿਆ। ਇੱਕ ਬੇਕਾਬੂ ਕਾਰ ਅਪਾਰਟਮੈਂਟ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਜਿਸ ਕਾਰਨ ਉੱਥੋਂ ਲੰਘ ਰਹੀ ਗੈਸ ਦੀ ਮੁੱਖ ਪਾਈਪਲਾਈਨ ਫਟ ਗਈ। ਗੈਸ ਲੀਕ ਹੋਣ ਕਾਰਨ ਇੱਕ ਜ਼ਬਰਦਸਤ ਧਮਾਕਾ ਹੋਇਆ ਅਤੇ ਪੂਰੀ ਇਮਾਰਤ ਭਿਆਨਕ ਲਾਟਾਂ ਦੀ ਲਪੇਟ ਵਿੱਚ ਆ ਗਈ।