‘ਸਟੂਡੈਂਟਸ ਨਾਲ ਏਦਾਂ ਟਰੀਟ ਨਾ ਕਰੋ’; ਦਿੱਲੀ ’ਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਮਗਰੋਂ ਜਵਾਨੀ ਦੇ ਹੱਕ ’ਚ ਕੁੱਦੇ Diljit Dosanjh
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹੁਣ ਜਵਾਨੀ ਦੇ ਹੱਕ ’ਚ ਨਾਅਰਾ ਮਾਰਿਆ ਹੈ। ਜਦੋਂ ਦਿੱਲੀ ’ਚ ਸਾਲ 2020-21 ’ਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਚੱਲਿਆ ਸੀ ਤਾਂ ਉਸ ਵੇਲੇ ਦਿਲਜੀਤ ਦੁਸਾਂਝ ਕਿਸਾਨੀ ਦੀ ਪਿੱਠ ’ਤੇ ਡਟ ਗਏ ਸਨ। ਉਸ ਸਮੇਂ ਦਿਲਜੀਤ ਦੁਸਾਂਝ ਨੂੰ ਦੇਸ਼ ਵਿਰੋਧੀ ਤੱਕ ਆਖਿਆ ਗਿਆ ਸੀ, ਪ੍ਰੰਤੂ ਉਨ੍ਹਾਂ ਅੰਨਦਾਤੇ ਨੂੰ ਪਿੱਠ ਨਹੀਂ ਦਿਖਾਈ ਸੀ। ਦਿਲਜੀਤ ਨੇ ਹੁਣ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਿੱਲੀ ’ਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੀ ਹਮਾਇਤ ਕੀਤੀ ਹੈ।
ਦੱਸਣਯੋਗ ਹੈ ਕਿ ‘ਕੌਕਰੋਚ ਜਨਤਾ ਪਾਰਟੀ’ ਦੀ ਅਗਵਾਈ ’ਚ ਲੰਘੇ ਕੱਲ੍ਹ ਵਿਦਿਆਰਥੀ ਸੰਸਦ ਵੱਲ ਮਾਰਚ ਕਰ ਰਹੇ ਸਨ ਅਤੇ ਪੁਲੀਸ ਨੇ ਵਿਦਿਆਰਥੀ ਵਰਗ ’ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਸੀ। ਦਿਲਜੀਤ ਨੇ ਹੁਣ ਵਿਦਿਆਰਥੀਆਂ ਦੀਆਂ ਮੰਗਾਂ ਸੁਣਨ ਬਾਰੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ।
‘ਅੱਜ ਜੋ ਹੋਇਆ ਬਹੁਤ ਮਾੜਾ ਹੋਇਆ: ਦੋਸਾਂਝ
ਦਿਲਜੀਤ ਦੁਸਾਂਝ ਦੀ ਇਨ੍ਹਾਂ ਦਿਨਾਂ ’ਚ ‘ਫ਼ਿਲਮ ਸਤਲੁਜ’ ਪੰਜਾਬ ਦੇ ਪਿੰਡ-ਪਿੰਡ ਦਿਖਾਈ ਜਾ ਰਹੀ ਹੈ ਤੇ ਦਿਲਜੀਤ ਨੇ ਲੋਕ ਮਨਾਂ ’ਚ ਪੰਜਾਬ ਦੇ ਪੁੱਤ ਵਜੋਂ ਮੁਹੱਬਤੀ ਥਾਂ ਬਣਾਈ ਹੈ। ਲੰਘੇ ਕੱਲ੍ਹ ਵਿਦਿਆਰਥੀਆਂ ’ਤੇ ਦਿੱਲੀ ’ਚ ਹੋਏ ਲਾਠੀਚਾਰਜ ਦੇ ਹਵਾਲੇ ਨਾਲ ਦਿਲਜੀਤ ਦੁਸਾਂਝ ਨੇ ਲਿਖਿਆ ਹੈ ਕਿ, ‘‘ਅੱਜ ਜੋ ਹੋਇਆ ਬਹੁਤ ਮਾੜਾ ਹੋਇਆ। ਸਟੂਡੈਂਟਸ ਨਾਲ ਇੱਦਾਂ ਟਰੀਟ ਨਹੀਂ ਹੋਣਾ ਚਾਹੀਦਾ ਸੀ… ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਟੂਡੈਂਟਸ ਦੀਆਂ ਡਿਮਾਂਡਜ਼ ਨੂੰ ਸੁਣ ਲਿਆ ਜਾਵੇ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਆ।’’