latest news Punjab

DIG Bhullar PMLA Case: ਸਾਬਕਾ ਡੀਆਈਜੀ ਭੁੱਲਰ ਦੇ 11 ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ

DIG Bhullar PMLA Case: ਸਾਬਕਾ ਡੀਆਈਜੀ ਭੁੱਲਰ ਦੇ 11 ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ
  • PublishedApril 27, 2026

DIG Bhullar PMLA Case: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਪੰਜਾਬ ਪੁਲੀਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦੇ 11 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ ਕੀਤੀ ਗਈ ਹੈ, ਜਿਸ ਵਿੱਚ ਭੁੱਲਰ ਦੇ ਨਜ਼ਦੀਕੀਆਂ ਅਤੇ ਕਥਿਤ ਤੌਰ ’ਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣੇ ਵੀ ਸ਼ਾਮਲ ਹਨ।

ਅਧਿਕਾਰੀਆਂ ਅਨੁਸਾਰ ਈਡੀ ਦੀਆਂ ਟੀਮਾਂ ਨੇ ਅੱਜ ਸਵੇਰੇ ਇੱਕੋ ਵੇਲੇ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਵਿੱਚ ਦਸਤਕ ਦਿੱਤੀ। ਜਾਂਚ ਦਾ ਮੁੱਖ ਕੇਂਦਰ ਸਾਬਕਾ ਪੁਲੀਸ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਇਕੱਠੀ ਕੀਤੀ ਗਈ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਰਾਹੀਂ ਕਮਾਏ ਗਏ ਪੈਸੇ ਦੀ ਤਲਾਸ਼ ਕਰਨਾ ਹੈ। ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਕਬਜ਼ੇ ਵਿੱਚ ਲਏ ਗਏ ਹਨ।