India latest news

Delhi ’ਚ H1N1 (ਸਵਾਈਨ ਫਲੂ) ਦਾ ਕਹਿਰ: ਨਮੀ ਵਾਲੇ ਮੌਸਮ ਦਰਮਿਆਨ ਵਧੇ ਕੇਸ; ਡਾਕਟਰਾਂ ਵੱਲੋਂ ਚਿਤਾਵਨੀ

Delhi ’ਚ H1N1 (ਸਵਾਈਨ ਫਲੂ) ਦਾ ਕਹਿਰ: ਨਮੀ ਵਾਲੇ ਮੌਸਮ ਦਰਮਿਆਨ ਵਧੇ ਕੇਸ; ਡਾਕਟਰਾਂ ਵੱਲੋਂ ਚਿਤਾਵਨੀ
  • PublishedAugust 21, 2026

ਦਿੱਲੀ-ਐੱਨ.ਸੀ.ਆਰ. ਅਤੇ ਦੇਸ਼ ਦੇ ਹਰਿਆਣਾ ਸਮੇਤ ਕਈ ਹੋਰ ਹਿੱਸਿਆਂ ਵਿੱਚ ਬਰਸਾਤ ਅਤੇ ਨਮੀ ਵਾਲੇ ਮੌਸਮ ਦੇ ਚਲਦਿਆਂ H1N1 (ਸਵਾਈਨ ਫਲੂ) ਅਤੇ ਸਾਹ ਦੀਆਂ ਹੋਰ ਇਨਫੈਕਸ਼ਨਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੈਡੀਕਲ ਮਾਹਰਾਂ ਅਨੁਸਾਰ ਮੌਨਸੂਨ ਦਾ ਮੌਸਮ ਮੌਸਮੀ ਇਨਫੈਕਸ਼ਨਾਂ ਦੇ ਫੈਲਣ ਲਈ ਅਨੁਕੂਲ ਹੁੰਦਾ ਹੈ, ਜਿਸ ਕਾਰਨ ਨਿਸ਼ਾਨਾ ਬਣਨ ਵਾਲੇ ਸੰਵੇਦਨਸ਼ੀਲ ਸਮੂਹਾਂ ਨੂੰ ਬਚਾਅ ਦੇ ਉਪਾਅ ਕਰਨ ਦੀ ਸਖ਼ਤ ਲੋੜ ਹੈ।

ਏਮਜ਼ (AIIMS) ਦਿੱਲੀ ਦੇ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਨੀਰਜ ਨਿਸ਼ਚਲ ਨੇ ਦੱਸਿਆ ਕਿ ਇਸ ਮੌਸਮ ਵਿੱਚ ਆਮ ਜ਼ੁਕਾਮ, ਇਨਫਲੂਐਂਜ਼ਾ (ਜਿਸ ਨੂੰ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ) ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਆਮ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਲੱਛਣ ਕਾਫ਼ੀ ਹੱਦ ਤੱਕ ਇੱਕੋ ਜਿਹੇ ਹੁੰਦੇ ਹਨ, ਜਿਵੇਂ ਨੱਕ ਵਗਣਾ, ਖੰਘ, ਤੇਜ਼ ਬੁਖ਼ਾਰ, ਥਕਾਵਟ ਅਤੇ ਸਰੀਰ ਵਿੱਚ ਅਸਹਿ ਦਰਦ। ਬਜ਼ੁਰਗਾਂ, ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਅਤੇ ਅਸਥਮਾ/ਸੀ.ਓ.ਪੀ.ਡੀ. ਦੇ ਮਰੀਜ਼ਾਂ ਲਈ ਇਹ ਇਨਫੈਕਸ਼ਨ ਖ਼ਤਰਨਾਕ ਹੋ ਸਕਦੀ ਹੈ। ਉਨ੍ਹਾਂ ਨੇ ਸਵਾਈਨ ਫਲੂ ਤੋਂ ਬਚਾਅ ਲਈ ਟੀਕਾਕਰਨ ਦੀ ਸਲਾਹ ਦਿੱਤੀ ਹੈ।

ਦਿੱਲੀ ਦੇ ਨਾਲ-ਨਾਲ ਹੋਰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਵੀ ਅਜਿਹੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਹਸਪਤਾਲਾਂ ਦੀਆਂ ਓ.ਪੀ.ਡੀ. (OPD) ਵਿੱਚ ਰੋਜ਼ਾਨਾ ਫਲੂ ਦੇ ਕਈ ਮਰੀਜ਼ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਗੰਭੀਰ ਮਰੀਜ਼ਾਂ ਨੂੰ ਦਾਖ਼ਲ (IPD) ਵੀ ਕਰਨਾ ਪੈ ਰਿਹਾ ਹੈ। ਡਾਕਟਰਾਂ ਅਨੁਸਾਰ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਜ਼ਿਆਦਾ ਤਕਲੀਫ਼ ਹੁੰਦੀ ਹੈ, ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਨ ਦੀ ਲੋੜ ਪੈਂਦੀ ਹੈ, ਜਦਕਿ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ (Self-isolation) ਅਤੇ ਦਵਾਈਆਂ ਦੀ ਸਲਾਹ ਦਿੱਤੀ ਜਾ ਰਹੀ ਹੈ।

ਡਾਕਟਰਾਂ ਨੇ ਦੱਸਿਆ ਕਿ ਰਾਹਤ ਦੀ ਗੱਲ ਇਹ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਵਧੀ ਹੈ। ਪਹਿਲਾਂ ਲੋਕ ਇਸ ਨੂੰ ‘ਮੌਸਮੀ ਬੁਖ਼ਾਰ’ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਸਨ, ਪਰ ਹੁਣ ਲੱਛਣ ਦਿਖਾਈ ਦਿੰਦੇ ਹੀ ਸ਼ੁਰੂਆਤੀ ਦਿਨਾਂ ਵਿੱਚ ਹੀ ਜਾਂਚ ਲਈ ਹਸਪਤਾਲ ਪਹੁੰਚ ਰਹੇ ਹਨ। ਮਾਹਰਾਂ ਨੇ ਆਮ ਜਨਤਾ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਮਾਸਕ ਪਾਉਣ, ਸਾਫ਼-ਸਫ਼ਾਈ ਦਾ ਧਿਆਨ ਰੱਖਣ ਅਤੇ ਬਿਨਾਂ ਡਾਕਟਰੀ ਸਲਾਹ ਦੇ ਖੁਦ ਦਵਾਈਆਂ (Self-medication) ਨਾ ਲੈਣ ਦੀ ਅਪੀਲ ਕੀਤੀ ਹੈ